ਤਬਲੇ ਦੀ ਥਾਪ – ਵਾਹ ਉਸਤਾਦ!ਵਾਹ /ਪਰਮਜੀਤ ਢੀਂਗਰਾ
ਹਰ ਕਲਾਕਾਰ ਕੋਲ ਉਹਦਾ ਸਾਜ ਹੁੰਦਾ ਹੈ। ਉਹਦੇ ਹੱਥਾਂ ਦੀ ਥਾਪ ਜਾਂ ਉਂਗਲਾਂ ਦੀ ਜੁਗਲਬੰਦੀ ਧੁਨਾਂ, ਸ਼ਬਦਾਂ, ਰੰਗਾਂ, ਆਕ੍ਰਿਤੀਆਂ ਦੀ ਜਨਮਦਾਤੀ ਬਣ ਜਾਂਦੀ ਹੈ। ਲੇਖਕ ਕੋਲ ਕਲਮ ਹੁੰਦੀ ਹੈ। ਕਲਮ ਜਦੋਂ ਸੁਰ ਹੋ ਜਾਂਦੀ ਹੈ ਤਾਂ ਸ਼ਬਦਾਂ ਦੀਆਂ ਆਬਸ਼ਾਰਾਂ ਝਾਲ ਬਣ ਜਾਂਦੀਆਂ ਹਨ। ਸੰਗੀਤਕਾਰ ਦੀਆਂ ਉਂਗਲਾਂ ਜਾਂ ਥਾਪ ਸਾਜ ਨਾਲ ਇਕ ਸੁਰ ਹੋ ਕੇ ਧੁਨਾਂ ਦੇ ਰਾਗ ਸਿਰਜਣ ਲੱਗ ਜਾਂਦੀਆਂ ਹਨ। ਮੁਸੱਵਰ ਦੇ ਹੱਥਾਂ ਵਿਚਲਾ ਬ੍ਰਸ਼ ਰੰਗਾਂ ਦੀਆਂ ਖੇਡਾਂ ਖੇਡਣ ਲੱਗ ਜਾਂਦਾ ਹੈ। ਬੁੱਤ ਘਾੜੇ ਦੀ ਛੈਣੀ ਪੱਥਰਾਂ ਵਿਚ ਜਾਨ ਪਾਉਣ ਲੱਗ ਜਾਂਦੀ ਹੈ।
ਜਾਕਿਰ ਹੁਸੈਨ ਦੀ ਤਬਲੇ ਦੀ ਥਾਪ ਸੁਣ ਕੇ ਮਨ ਵਜਦ ਵਿਚ ਆ ਜਾਂਦਾ ਹੈ। ਇਹ ਥਾਪ ਦਾ ਕਮਾਲ ਕਹੀਏ ਜਾਂ ਤਬਲੇ ਦੀ ਖਾਸੀਅਤ। ਦੋਵੇਂ ਇਕ ਦੂਜੇ ਨਾਲ ਇਕਸੁਰ ਹੋਏ ਨਜ਼ਰ ਆਉਂਦੇ ਹਨ। ਤਿੰਨ ਸਾਲ ਦੀ ਉਮਰ ਵਿਚ ਜਾਕਿਰ ਹੁਸੈਨ ਨੇ ਤਬਲੇ ‘ਤੇ ਪਹਿਲੀ ਥਾਪ ਦਿਤੀ ਤੇ ਹੌਲੀ ਹੌਲੀ ਇਹ ਤੇ ਜਾਕਿਰ ਇਕ ਸੁਰ ਹੁੰਦੇ ਇਕ ਦੂਜੇ ਵਿਚ ਅਭੇਦ ਹੋ ਗਏ। ਉਨ੍ਹਾਂ ਇਕ ਵਾਰ ਦਸਿਆ ਸੀ ਕਿ ਜਦੋਂ ਜਨਮ ਤੋਂ ਬਾਅਦ ਉਨ੍ਹਾਂ ਨੂੰ ਘਰ ਲਿਆਂਦਾ ਗਿਆ ਤਾਂ ਬੱਚੇ ਦੇ ਕੰਨਾਂ ਵਿਚ ਕੁਝ ਚੰਗੇ ਸ਼ਬਦ ਜਾਂ ਦੁਆ ਦੇ ਸ਼ਬਦ ਕਹਿਣ ਦੀ ਪਰੰਪਰਾ ਸੀ।ਉਨ੍ਹਾਂ ਦੇ ਅੱਬਾ ਹਜ਼ੂਰ ਨੇ ਬੱਚੇ ਦੇ ਕੰਨਾਂ ਵਿਚ ‘ਧਕ ਦਿਨਾ ਦਿਨ ਧਾ’ ਦੀਆਂ ਸੁਰਾਂ ਦਾ ਅਲਾਪ ਲਿਆ ਤਾਂ ਉਨ੍ਹਾਂ ਦੀ ਅੰਮੀ ਕਹਿਣ ਲੱਗੀ ਤੁਸਾਂ ਤਾਂ ਦੁਆ ਪੜ੍ਹਣੀ ਸੀ ਇਹ ਕੀ ਕਰ ਰਹੇ ਹੋ,ਤਾਂ ਉਹ ਕਹਿਣ ਲੱਗੇ ਇਹੀ ਮੇਰੀ ਦੁਆ ਹੈ। ਭਾਵੇਂ ਅਸੀਂ ਮੁਸਲਮਾਨ ਹਾਂ, ਪਰ ਅਸੀਂ ਸੰਗੀਤ ਦੀ ਦੇਵੀ ਸਰਸਵਤੀ ਤੇ ਗਨੇਸ਼ ਦੇ ਉਪਾਸ਼ਕ ਹਾਂ। ਇਹ ਸੰਗੀਤ ਤੇ ਵਿਦਿਆ ਦਾ ਸੋਮਾ ਹਨ।
ਪੰਜਾਬ ਦੇ ਸੰਗੀਤ ਘਰਾਣੇ ਦੇ ਉਹ ਅਸਲੀ ਵਾਰਿਸ ਸਨ ਜਿਨ੍ਹਾਂ ਨੇ ਤਬਲੇ ਦੀ ਥਾਪ ਨੂੰ ਗਲੋਬਲੀ ਪਛਾਣ ਦਿਤੀ। ਤਬਲੇ ਦੇ ਉਨ੍ਹਾਂ ਦੇ ਪਹਿਲੇ ਉਸਤਾਦ ਅੱਬਾ ਹਜ਼ੂਰ ਅੱਲ੍ਹਾ ਖਾਂ ਸਾਹਿਬ ਸਨ। ਉਨ੍ਹਾਂ ਤੋਂ ਇਲਾਵਾ ਉਸਤਾਦ ਲਤੀਫ਼ ਅਹਿਮਦ ਖਾਂ,ਉਸਤਾਦ ਵਿਲਾਇਤ ਖਾਂ ਸਾਹਿਬ ਨੇ ਉਨ੍ਹਾਂ ਨੂੰ ਚੰਡ ਕੇ ਸਾਰ ਦਾ ਲੋਹਾ ਬਣਾ ਦਿੱਤਾ। ਸੰਗੀਤ ਤੇ ਸਾਜ ਦੇ ਰਿਸ਼ਤੇ ਨੂੰ ਉਨ੍ਹਾਂ ਹਮੇਸ਼ਾਂ ਪਹਿਲ ਦੇ ਕੇ ਦ੍ਰਿੜ ਕਰਾਇਆ ਕਿ ਦੋਹਾਂ ਵਿਚ ਅਭੇਦਤਾ ਤੋਂ ਬਿਨਾ ਸੰਗੀਤ ਵਜੂਦ ਵਿਚ ਨਹੀਂ ਆ ਸਕਦਾ। ਇਸ ਬਾਰੇ ਉਹ ਖੁਦ ਲਿਖਦੇ ਹਨ-
ਸੰਗੀਤ ਦੀ ਦੁਨੀਆ ਵਿਚ ਤੇ ਖਾਸ ਕਰਕੇ ਜਦੋਂ ਗੱਲ ਪਰੰਪਰਿਕ ਸੰਗੀਤ ਦੀ ਹੋਵੇ ਤਾਂ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ । ਤੁਹਾਨੂੰ ਆਪਣੇ ਸਾਜ ਨਾਲ ਰਿਸ਼ਤਾ ਬਣਾਉਣ ਲਈ ਖੁਲ੍ਹੇ ਸਮੇਂ ਦੀ ਲੋੜ ਹੁੰਦੀ ਹੈ। ਆਪਣੇ ਸਾਜ ਦੀ ਆਤਮਾ ਨਾਲ ਜੁੜਨਾ ਜ਼ਰੂਰੀ ਹੈ ਤਾਂ ਹੀ ਕੋਈ ਸ਼ਾਨਦਾਰ ਧੁਨ ਨਿਕਲ ਸਕੇਗੀ। ਇਹ ਨਹੀਂ ਕਿ ਅੱਜ ਤੁਸਾਂ ਬਜ਼ਾਰ ਵਿਚੋਂ ਸਿਤਾਰ ਖਰੀਦੀ ਤੇ ਕੱਲ੍ਹ ਸਟੇਜ ‘ਤੇ ਜਾ ਕੇ ਵਜਾਉਣੀ ਸ਼ੁਰੂ ਕਰ ਦਿਓ। ਸਿਤਾਰ ਤੇ ਤੁਹਾਡੇ ਵਿਚ ਰਿਸ਼ਤੇ ਦੀ ਪੀਢੀ ਸਾਂਝ ਹੋਣੀ ਜ਼ਰੂਰੀ ਹੈ।ਕੁਝ ਮਹੀਨਿਆਂ ਦੇ ਅਭਿਆਸ ਤੋਂ ਬਾਅਦ ਹੀ ਤੁਸੀਂ ਉਸ ਨਾਲ ਸਹਿਜ ਹੋ ਜਾਓਗੇ ਤੇ ਮਹਿਸੂਸ ਕਰੋਗੇ ਕਿ ਹੁਣ ਇਸ ਨੂੰ ਸਟੇਜ ‘ਤੇ ਜਾ ਕੇ ਵਜਾਇਆ ਜਾ ਸਕਦਾ ਹੈ।
ਮੈਂ ਤਬਲੇ ਨਾਲ ਇਹੀ ਕੁਝ ਤਾਂ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਇਹ ਸਾਜ ਨਾਲ ਖੁਲ੍ਹਾਪਣ ਹੈ ਜੋ ਸਾਨੂੰ ਸਟੇਜ ‘ਤੇ ਲੈ ਕੇ ਜਾਂਦਾ ਹੈ ਤੇ ਦਰਸ਼ਕ / ਸਰੋਤੇ ਤੁਹਾਨੂੰ ਦਾਦ ਦੇਂਦੇ ਹਨ। ਜੋ ਕੁਝ ਸਟੇਜ ‘ਤੇ ਪੇਸ਼ ਕੀਤਾ ਜਾਂਦਾ ਹੈ ਉਹ ਤਾਂ ਹੀ ਅਰਥਪੂਰਨ ਹੋਏਗਾ ਜੇ ਸਾਜ ਤੇ ਸਾਜ ਨੂੰ ਸੁਰ ਕਰਨ ਵਾਲੇ ਵਿਚਕਾਰ ਉਚਿਤ ਮਾਪਦੰਡਾਂ ਦੀ ਸੂਝ ਦੇ ਨਾਲ ਨਾਲ ਇਕਸੁਰਤਾ ਹੋਵੇਗੀ।
ਮੈਨੂੰ ਇਕ ਵਾਕਿਆ ਯਾਦ ਆ ਗਿਆ-ਇਕ ਵਾਰ ਕਿਸ਼ਨ ਮਹਾਰਾਜ ਸਟੇਜ ‘ਤੇ ਪੇਸ਼ਕਾਰੀ ਲਈ ਜਾਣ ਹੀ ਵਾਲੇ ਸਨ, ਤਦੋਂ ਕਿਸੇ ਨੇ ਕਿਹਾ ਮਹਾਰਾਜ ਜੀ ਸੰਗੀਤ ਦਾ ਪ੍ਰੋਗਰਾਮ ਉਮਦਾ ਹੋਣਾ ਚਾਹੀਦਾ। ਉਨ੍ਹਾਂ ਨੇ ਅੱਗੋਂ ਜੁਆਬ ਦੇਂਦਿਆਂ ਕਿਹਾ-‘ਦੇਖਾਂਗੇ ਮਿੱਤਰਾ, ਅੱਜ ਤਬਲਾ ਕੀ ਕਹਿੰਦਾ।’ ਇਹ ਭਾਣਾ ਸਾਰੇ ਸਾਜਾਂ ਨਾਲ ਵਾਪਰਦਾ ਹੈ। ਗਿਟਾਰ,
ਪਿਆਨੋ, ਬਾਸ,ਵਾਇਲਨ ਸਭ ਦੀ ਹੋਣੀ ਇਕੋ ਹੈ। ਇਸ ਲਈ ਸਾਜ ਨਾਲ ਇਕ ਰਿਸ਼ਤਾ ਬਣਾਉਣ ਦੀ ਲੋੜ ਹੁੰਦੀ ਹੈ ਕਿਉਂਕਿ ਹਰ ਸੰਗੀਤਕਾਰ ਦੀ ਇੱਛਾ ਹੁੰਦੀ ਹੈ ਕਿ ਸਾਜ ਉਹਦੀ ਆਗਿਆ ਦਾ ਪਾਲਣ ਕਰੇ। ਉਹਨੂੰ ਤੁਹਾਨੂੰ ਸਵੀਕਾਰ ਕਰਨਾ ਪਏਗਾ ਤੇ ਤੁਹਾਨੂੰ ਵੀ ਉਹਨੂੰ ਦਸਣਾ ਪਏਗਾ ਕਿ ਉਹਦੇ ਵਿਸ਼ਵਾਸ ਦੀ ਛਾਲ ਨਾਲ ਤੁਸੀਂ ਵੀ ਛਾਲ ਮਾਰਨ ਲਈ ਤਿਆਰ ਤੇ ਪਰਪੱਕ ਹੋ ਕਿ ਨਹੀਂ।
ਉਦਾਹਰਣ ਲਈ ਮੈਨੂੰ ਤਬਲੇ ਦੇ ਚਮੜੇ ਵਿਚ ਇਕ ਖਾਸ ਤਰ੍ਹਾਂ ਦੇ ਨਿਸਚਿਤ ਮਾਤਰਾ ਵਿਚ ਲਚਕੀਲੇਪਨ ਦੀ ਲੋੜ ਹੁੰਦੀ ਹੈ, ਤਾਂ ਕਿ ਜਦੋਂ ਮੈਂ ਥਾਪ ਦਿਆਂ ਤਾਂ ਉਹ ਇਕ ਖਾਸ ਨਿਸਚਿਤ ਤਰੀਕੇ ਨਾਲ ਪ੍ਰਤੀਕਿਰਿਆ ਵੀ ਕਰੇ ਤੇ ਪ੍ਰਤੀਧੁਨੀ ਵੀ ਪੈਦਾ ਕਰੇ। ਸਵਰ ਵਿਚ ਮੰਦ੍ਰ, ਤਿਹਰਾ ਤੇ ਮਾਧਿਅਮਾ ਦੀ ਨਿਸਚਿਤ ਮਾਤਰਾ ਹੋਵੇ। ਮੇਰੇ ਹੱਥ ਦੀ ਥਾਪ ਕਿਸੇ ਹੋਰ ਦੇ ਹੱਥ ਨਾਲੋਂ ਵੱਖਰੀ ਹੈ। ਇਸ ਲਈ ਕਿਸੇ ਹੋਰ ਦੇ ਹੱਥ ਦੇ ਦਬਾਅ ਨਾਲੋਂ ਮੇਰੇ ਹੱਥ ਦਾ ਦਬਾਅ ਵੱਖਰਾ ਹੈ। ਇਸ ਲਈ ਇਹ ਚਮੜੇ ਦੀ ਮੋਟਾਈ ਨੂੰ ਪ੍ਰਭਾਵਿਤ ਕਰਦਾ ਹੈ। ਚਮੜਾ ਏਨਾ ਮੋਟਾ ਹੋਣਾ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਝੁਕ ਜਾਵੇ, ਜਿਵੇਂ ਮੈਂ ਚਾਹੁੰਦਾ ਹਾਂ।
ਉਸਤਾਦਾਂ ਦਾ ਕਹਿਣਾ ਹੈ ਕਿ ਤੁਹਾਨੂੰ ਆਪਣੇ ਸਾਜਾਂ ਨਾਲ ਅਜਿਹਾ ਰਿਸ਼ਤਾ ਬਣਾਉਣਾ ਚਾਹੀਦਾ ਹੈ ਕਿ ਸਾਜ ਗੋਡੇ ਟੇਕ ਕੇ ਤੁਹਾਨੂੰ ਕਹਿਣ ਕਿ ਤੁਸੀਂ ਉਨ੍ਹਾਂ ਨਾਲ ਜੋ ਕਰਨਾ ਚਾਹੁੰਦੇ ਹੋ ਉਹ ਕਰਨ ਲਈ ਤਿਆਰ ਹਨ, ਜਿਹੜਾ ਸੁਰ ਕੱਢਣਾ ਚਾਹੁੰਦੇ ਹੋ ਉਹ ਕੱਢਣ ਲਈ ਤਿਆਰ ਹਨ। ਕਹਿਣ ਦਾ ਭਾਵ ਹੈ ਕਿ ਤੁਸੀਂ ਜਦੋਂ ਸਾਜ ਨਾਲ ਰਿਸ਼ਤਾ ਬਣਾ ਲੈਂਦੇ ਹੋ ਤਾਂ ਉਹ ਤੁਹਾਡੇ ਵਸ ਵਿਚ ਹੋ ਜਾਂਦਾ ਹੈ, ਤੁਸੀਂ ਹੁਣ ਉਹਦੇ ‘ਤੇ ਮਨ ਚਾਹੀ ਮੁਹਾਰਤ ਹਾਸਲ ਕਰ ਸਕਦੇ ਹੋ। ਕੁਝ ਉਸਤਾਦਾਂ ਦਾ ਮੰਨਣਾ ਹੈ ਕਿ ਸਾਜ ਸਿਰਫ ਸੰਗੀਤ ਦੀ ਪੇਸ਼ਕਾਰੀ ਦੇ ਮਾਧਿਅਮ ਹਨ।
ਏਥੇ ਮੈਨੂੰ ਇਕ ਹੋਰ ਵਾਕਿਆ ਯਾਦ ਆ ਗਿਆ। ਇਕ ਵਾਰ ਸੁਲਤਾਨ ਖਾਂ ਸਾਹਿਬ ਤੇ ਮੈਂ ਕੈਲੀਫੋਰਨੀਆ ਵਿਚ ਅਲੀ ਅਕਬਰ ਸਾਹਿਬ ਦੀ ਸੰਗਤ ਵਿਚ ਬੈਠੇ ਸਾਂ ਤੇ ਉਹ ਕਹਿਣ ਲੱਗੇ-ਸੁਲਤਾਨ ਤੂੰ ਆਪਣੀ ਸਰੰਗੀ ਲਿਆਇਆ ਹੈਂ ?ਕੀ ਤੂੰ ਕੁਝ ਵਜਾ ਕੇ ਨਹੀਂ ਸੁਣਾਏਂਗਾ? ਸੁਲਤਾਨ ਸਾਹਿਬ ਕਹਿਣ ਲੱਗੇ, ਖਾਂ ਸਾਹਿਬ ਅਫਸੋਸ ਹੈ ਕਿ ਮੈਂ ਸਰੰਗੀ ਤਾਂ ਹੋਟਲ ਹੀ ਭੁੱਲ ਆਇਆ ਹਾਂ। ਮੈਂ ਤਾਂ ਦੁਆ ਸਲਾਮ ਕਰਨ ਲਈ ਤੁਹਾਡੀ ਸੰਗਤ ਵਿਚ ਆਇਆ ਹਾਂ। ਅਲੀ ਅਕਬਰ ਸਾਹਿਬ ਕਹਿਣ ਲੱਗੇ ਕੋਈ ਗੱਲ ਨਹੀਂ ਸਾਡੇ ਸੰਗੀਤਖਾਨੇ ਵਿਚ ਇਕ ਸਰੰਗੀ ਪਈ ਹੈ,ਉਹਦੇ ਨਾਲ ਕੰਮ ਚਲਾਉਂਦੇ ਹਾਂ। ਉਹ ਸਰੰਗੀ ਕੱਢ ਲਿਆਏ। ਜਦੋਂ ਸੁਲਤਾਨ ਨੇ ਮੁਆਇਨਾ ਕੀਤਾ ਤਾਂ ਕਿਹਾ ਕਿ ਖਾਂ ਸਾਹਿਬ ਇਹ ਤਾਂ ਟੁੱਟੀ ਹੋਈ ਹੈ ਤੇ ਮੇਰਾ ਨਹੀਂ ਖਿਆਲ ਕਿ ਮੈਂ ਇਹਨੂੰ ਚੰਗੀ ਤਰ੍ਹਾਂ ਵਜਾ ਸਕਾਂਗਾ। ਅਕਬਰ ਸਾਹਿਬ ਮੁਸਕੁਰਾਂਦੇ ਹੋਏ ਕਹਿਣ ਲੱਗੇ-ਸਾਰੰਗੀ ਠੀਕ ਨਹੀਂ ਤਾਂ ਕੀ ਹੋਇਆ,ਹੱਥ ਤੇ ਉਂਗਲਾਂ ਤਾਂ ਤੇਰੀਆਂ ਹੀ ਨੇ।ਸੁਲਤਾਨ ਨੇ ਕਿਹਾ ਠੀਕ ਹੈ। ਉਹਨੇ ਸਾਰੰਗੀ ਨੂੰ ਸੁਰ ਕੀਤਾ ਤਾਂ ਉਂਗਲਾਂ ਤਾਲ ਦੇਂਦੀਆਂ ਗੂੰਜ ਉੱਠੀਆਂ। ਇਹ ਹੁੰਦੀ ਹੈ ਸਾਜ ਨਾਲ ਇਕਸੁਰਤਾ।
ਪੋਸਟ ਸਕ੍ਰਿਪਟ- ਜਾਕਿਰ ਹੁਸੈਨ ਸਾਹਿਬ ਦਾ ਇਸ ਉਮਰੇ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਜਾਣਾ ਬੜਾ ਦੁਖਦਾਈ ਹੈ। ਹਿੰਦੋਸਤਾਨੀ ਸੰਗੀਤ ਵਿਚ ਉਨ੍ਹਾਂ ਦੀ ਥਾਪ ਹਮੇਸ਼ਾਂ ਗੂੰਜਦੀ ਰਹੇਗੀ। ਸੰਗੀਤ ਤੇ ਸਾਜ ਦਾ ਰਿਸ਼ਤਾ ਰੂਹ ਤੇ ਸਰੀਰ ਵਾਲਾ ਹੁੰਦਾ ਹੈ। ਦੋਹਾਂ ਵਿਚ ਕੰਧ ਨਹੀਂ ਮਾਰੀ ਜਾ ਸਕਦੀ। ਜਦ ਤੱਕ ਸਾਜ ਰਹਿਣਗੇ ਸੰਗੀਤ ਜਿਊਂਂਦਾ ਰਹੇਗਾ। ਇਨ੍ਹਾਂ ਦੇ ਨਾਲ ਹੁਸੈਨੀ ਥਾਪ ਜਿਊਂਦੀ ਰਹੇਗੀ। ਸਾਡੀ ਦੁਆ ਹੈ ਕਿ ਅੱਲ੍ਹਾ ਉਸ ਨੇਕ,ਪਾਕ ਰੂਹ ਨੂੰ ਜੰਨਤ ਅਤਾ ਕਰੇ।ਆਮੀਨ!
-ਲੇਖਕ ਦੀ ‘ਲਮਹਾ-ਲਮਹਾ’ ਡਾਇਰੀ ਦਾ ਪੰਨਾ