“ ਵੈਸਾਖ ਭਲਾ ਸਾਖਾ ਵੇਸ ਕਰੇ…“ਭਾਵ ਵੈਸਾਖੁ ਚੰਗਾ ਹੁੰਦਾ ਹੈ ਕਿਉਂ ਕਿ ਇਸ ਸਮੇਂ ਬਿਰਖਾਂ ਦੀਆਂ ਟਾਹਣੀਆਂ ਨਵੇਂ ਪੱਤਿਆਂ ਦੇ ਵੇਸ ਧਾਰਨ ਕਰਨ ਲਗਦੀਆਂ ਹਨ।
ਜਾਪਾਨ ਵਿਚ ਸਾਕੂਰਾ ਦੇ ਫੁੱਲਾਂ ਦਾ ਮੌਸਮ ਹੈ, ਸਾਕੂਰਾ ਦੇ ਫੁੱਲ ਸਾਲ ਬਾਦ ਖਿੜ੍ਹਦੇ ਨੇ। ਹਫ਼ਤੇ ਬਾਦ ਝੜ੍ਹ ਵੀ ਜਾਂਦੇ ਹਨ। ਜਾਪਾਨੀ ਲੋਕ ਇਸ ਨੂੰ ਜ਼ਿੰਦਗੀ ਦੇ ਸੁਹੱਪਣ ਦਾ ਚਿੰਨ ਮੰਨਦੇ ਨੇ। ਉਹ ਸੁਹੱਪਣ ਜੋ ਥੋੜ-ਚਿਰਾ ਹੁੰਦਾ ਹੈ ਅਤੇ ਬੜਾ ਨਾਜੁਕ ਵੀ ਹੁੰਦਾ ਹੈ।
ਮੇਰੇ ਨਾਲ਼ ਸ੍ਰੀ ਲੰਕਾ ਦਾ ਇਕ ਦੋਸਤ ਸੀ। ਉਸ ਨੇ ਦਸਿਆ ਕਿ ਸ੍ਰੀ ਲੰਕਾ ਹੁਣ ਨਵਾਂ ਸਾਲ ਸ਼ੁਰੂ ਹੁੰਦਾ ਹੈ। ਜਿਸ ਨੂੰ ਉਹ ਅਲੁੱਥ ਅਵੂਰੁਧਾ ਕਹਿੰਦੇ ਹਨ। ਇਹ ਤੇਰਾਂ ਜਾਂ ਚੌਦਾਂ ਅਪ੍ਰੈਲ ਨੂੰ ਹੁੰਦਾ ਹੈ।
ਪੰਜਾਬ ਵਿਚ ਇਸੇ ਦਿਨ ਵੈਸਾਖੀ ਹੁੰਦੀ ਹੈ। ਇਸੇ ਦਿਨ ਦਸਵੀਂ ਪਾਤਸ਼ਾਹੀ ਨੇ ਇਕੋ ਬਾਟੇ ਵਿਚ ਹਰ ਜਾਤ ਦੇ ਬੰਦੇ ਨੂੰ ਅਮ੍ਰਿਤ ਛਕਾਕੇ ਮੁੜ ਇਕੋ ਸ਼ੁੱਧ ਜਾਤ ਮਾਨਸ ਦੀ ਪੁਨਰ ਸਥਾਪਨਾ ਕੀਤੀ ਸੀ।
ਇਸੇ ਦਿਨ ਭਾਰਤ ਦੇ ਪੁਰਾਤਨ ਬਿਕਰਮੀ ਸੰਮਤ ਦਾ ਵੀ ਨਵਾਂ ਸਾਲ ਹੁੰਦਾ ਹੈ। ਨਵਾਂ ਸਾਲ ਯਾਨੀ ਨਵਾਂ ਸੰਵਤਸਰਾ 2081 ਸ਼ੁਰੂ ਹੋ ਰਿਹਾ ਹੈ। ਇਸ ਦਿਨ ਚੈਤਰ ਨਵਰਾਤਰੀ ਵੀ ਹੁੰਦੀ ਹੈ। ਇਸ ਤਿਉਹਾਰ ਨੂੰ ਮਾਂ ਦੁਰਗਾ ਜਾਂ ਸ਼ਕਤੀ ਦੀ ਪੂਜਾ ਵਜੋਂ ਵੀ ਮਨਾਇਆ ਜਾਂਦਾ ਹੈ।
ਬਹਾਰ ਰੁੱਤ ਅੰਦਰ ਕੁਦਰਤ ਹਰੀ ਭਰੀ ਹੁੰਦੀ ਹੈ। ਇਸ ਰੁੱਤ ਦੀ ਸੋਹਣੀ ਅਤੇ ਤਾਜ਼ਾ ਜੀਵਨ ਊਰਜਾ ਸਾਡੇ ਅੰਦਰ ਵੀ ਵਿਆਪਕ ਹੋਵੇ ! ਤੁਸੀਂ ਰੋਗ ਮੁਕਤ ਚਿੰਤਾ ਮੁਕਤ ਹੋਕੇ ਬੱਚਿਆਂ ਵਾਂਗ ਹਸੋ ਵਸੋ! ਇਹੀ ਸ਼ੁਭ ਕਾਮਨਾ ਕਰਦਾ ਹਾਂ।
Comments