ਸ੍ਰੀ ਅੰਮ੍ਰਿਤਸਰ ਸਾਹਿਬ-
ਅਮਰੀਕਾ ਵੱਲੋਂ ਡੀਪੋਰਟ ਕੀਤੇ ਗਏ ਗੈਰ-ਕਾਨੂੰਨੀ ਪਰਵਾਸੀਆਂ ਦਾ ਇੱਕ ਹੋਰ ਜਹਾਜ਼ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰ ਗਿਆ ਹੈ। ਅਮਰੀਕਾ ਵੱਲੋਂ ਇਸ ਵਾਰ ਵੀ ਇੰਨ੍ਹਾਂ ਨੌਜਵਾਨਾਂ ਦੇ ਹੱਥ- ਪੈਰ ਬੰਨ੍ਹ ਕੇ ਭੇਜਿਆ ਗਿਆ ਹੈ!
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਇੱਕ ਰਾਤ ਪਹਿਲਾਂ ਹੀ ਇਹਨਾਂ ਪ੍ਰਵਾਸੀਆਂ ਨੂੰ ਲੈਣ ਲਈ ਅੰਮ੍ਰਿਤਸਰ ਪਹੁੰਚੇ ਹੋਏ ਸਨ । ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਮਰੀਕਾ ਤੋਂ ਵਾਪਸ ਭੇਜੇ ਜਾ ਰਹੇ ਗ਼ੈਰ-ਕਾਨੂੰਨੀ ਪਰਵਾਸੀਆਂ ਦੇ ਦੂਜੇ ਜਹਾਜ਼ ਨੂੰ ਵੀ ਅੰਮ੍ਰਿਤਸਰ ਵਿੱਚ ਉਤਾਰ ਕੇ ਕੇਂਦਰ ਦੀ ਭਾਜਪਾ ਸਰਕਾਰ ਕੀ ਸੁਨੇਹਾ ਦੇਣਾ ਚਾਹੁੰਦੀ ਹੈ ।
ਅਮਰੀਕਾ ਤੋਂ ਵਾਪਸ ਭੇਜੇ ਗਏ ਨੌਜਵਾਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਐੱਨ. ਆਰ. ਆਈ. ਮਾਮਲਿਆਂ ਬਾਰੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿ ਤੁਹਾਨੂੰ ਇਹ ਜਾਣ ਕੇ ਬਹੁਤ ਦੁੱਖ ਹੋਵੇਗਾ ਕਿ ਪੂਰੀ ਯਾਤਰਾ ਦੌਰਾਨ ਇੱਕ ਵਾਰ ਫਿਰ ਅਮਰੀਕੀ ਸੈਨਿਕਾਂ ਨੇ ਸਾਡੇ ਭਾਰਤੀ ਲੋਕਾਂ ਦੇ ਹੱਥ-ਪੈਰ ਬੰਨ੍ਹ ਦਿੱਤੇ ਸਨ। ਇੰਨੇ ਵੱਡੇ ਵਿਰੋਧ ਦੇ ਬਾਵਜੂਦ ਭਾਰਤੀਆਂ ਨਾਲ ਅਣਮਨੁੱਖੀ ਸਲੂਕ ਕੀਤਾ ਗਿਆ।
ਇਸ ਮੌਕੇ ਧੋਖਾਧੜੀ ਕਰਨ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ, “ਮੈਂ ਅਮਰੀਕਾ ਤੋਂ ਵਾਪਸ ਭੇਜੇ ਗਏ ਫਰਾਡ ਟਰੈਵਲ ਏਜੰਟਾਂ ਦੇ ਸ਼ਿਕਾਰ ਪੰਜਾਬੀ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਉਹ ਆਪਣੇ ਨਾਲ ਕੀਤੇ ਲੱਖਾਂ ਦੀ ਠੱਗੀ ਬਾਰੇ ਸਰਕਾਰ ਨੂੰ ਲਿਖਤੀ ਸ਼ਿਕਾਇਤ ਕਰਨਗੇ ਤਾਂ ਉਨ੍ਹਾਂ ਟਰੈਵਲ ਏਜੰਟਾਂ ਖਿਲਾਫ ਤੁਰੰਤ ਐੱਫ.ਆਈ.ਆਰ.ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਕਿਸੇ ਨੂੰ ਗੈਰ-ਕਾਨੂੰਨੀ ਢੰਗ ਨਾਲ ਵਿਦੇਸ਼ ਭੇਜਣਾ ਇੱਕ ਵੱਡਾ ਕਾਨੂੰਨੀ ਅਪਰਾਧ ਹੈ।”
ਦੂਜੇ ਪਾਸੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਨਿਸ਼ਾਨੇ ‘ਤੇ ਲੈੰਦਿਆ ਕਿਹਾ, “ਅੱਜ, ਦੂਜੇ ਜਹਾਜ਼ ਰਾਹੀਂ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਲੋਕਾਂ ਨੂੰ ਲੈਣ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੱਸਣਾ ਚਾਹੀਦਾ ਹੈ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਪਿਛਲੇ ਤਿੰਨ ਸਾਲਾਂ ‘ਚ ਮਨੁੱਖੀ ਤਸਕਰੀ ਲਈ ਕਿੰਨੇ ਗੈਰ-ਕਾਨੂੰਨੀ ਟਰੈਵਲ ਏਜੰਟਾਂ ‘ਤੇ ਕੇਸ ਦਰਜ ਕੀਤੇ ਹਨ? 30 ਪੰਜਾਬੀਆਂ ਸਮੇਤ 104 ਡਿਪੋਰਟ ਕੀਤੇ ਗਏ ਲੋਕਾਂ ਨੂੰ ਲੈ ਕੇ ਅੰਮ੍ਰਿਤਸਰ ਪਹੁੰਚੀ ਪਹਿਲੀ ਉਡਾਣ ਨੂੰ 10 ਦਿਨ ਹੋ ਗਏ ਹਨ ਅਤੇ ਮਾਨ ਸਰਕਾਰ ਉਨ੍ਹਾਂ ਲਈ ਕਿਸੇ ਵੀ ਮੁੜ ਵਸੇਬਾ ਪ੍ਰੋਗਰਾਮ ਦਾ ਐਲਾਨ ਕਰਨ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਹੇ ਹਨ। ਉਸਨੇ ਉਨ੍ਹਾਂ ਲਈ ਮੁਆਵਜ਼ੇ ਦਾ ਐਲਾਨ ਵੀ ਨਹੀਂ ਕੀਤਾ ਹੈ। ਮੁੜ ਵਸੇਬੇ ਅਤੇ ਮੁਆਵਜ਼ੇ ਦੀ ਅਣਹੋਂਦ ਵਿੱਚ, ਡਿਪੋਰਟ ਕੀਤੇ ਗਏ ਲੋਕਾਂ ਨੂੰ ਲੈਣ ਜਾਣਾ ਭਗਵੰਤ ਮਾਨ ਦੇ ਪ੍ਰਚਾਰ ਸਟੰਟ ਤੋਂ ਵੱਧ ਕੁਝ ਨਹੀਂ ਜਾਪਦਾ।”
ਦੱਸਣਯੋਗ ਹੈ ਕਿ ਟਰੰਪ ਦੇ ਸੱਤਾ ਸੰਭਾਲਣ ਮਗਰੋਂ ਅਮਰੀਕਾ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਇਹ ਦੂਜਾ ਜ਼ਹਾਜ ਭਰ ਕੇ ਭੇਜਿਆ ਗਿਆ ਹੈ । ਭਲਕੇ ਇੱਕ ਹੋਰ ਫ਼ੌਜੀ ਜ਼ਹਾਜ ਭੇਜਿਆ ਜਾਵੇਗਾ।
Comments