ਸਰੀ – ਬੀ.ਸੀ. ਵਿਧਾਨ ਸਭਾ ਚੋਣਾਂ ਵਿੱਚ ਖੜ੍ਹੇ ਇੱਕ ਪੰਜਾਬੀ ਮੂਲ ਦੇ ਉਮੀਦਵਾਰ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਅਮ੍ਰਿੰਤ ਬਰਿੰਗ ਸਰੀ – ਨਿਊਟਨ ਹਲਕੇ ਤੋਂ ਫ਼ਰੀਡਮ ਪਾਰਟੀ ਆਫ਼ ਬ੍ਰਿਟਿਸ਼ ਕੋਲੰਬੀਆਂ ਦੇ ਉਮੀਦਵਾਰ ਹਨ। ਯੂ.ਬੀ.ਸੀ. ਤੋਂ ਪੜ੍ਹੇ ਅਮ੍ਰਿੰਤ ਬਰਿੰਗ ਇਸ ਤੋਂ ਪਹਿਲਾਂ ਸਰੀ ਸ਼ਹਿਰ ਦੇ ਮੇਅਰ ਦੀ ਚੋਣ ਵੀ ਲੜ ਚੁੱਕੇ ਹਨ। ਉਨ੍ਹਾਂ ਪੀਪਲਜ਼ ਪਾਰਟੀ ਆਫ ਕੈਨੇਡਾ ਵੱਲੋਂ ਫੈਡਰਲ ਚੋਣਾਂ ਵਿੱਚ ਵੀ ਆਪਣੀ ਦਾਅਵੇਦਾਰੀ ਜਤਾਈ ਸੀ ।
ਅਮ੍ਰਿੰਤ ਬਰਿੰਗ ਬੀ.ਸੀ. ਦੇ ਸਕੂਲਾਂ ਵਿੱਚ ਲਾਗੂ ਕੀਤੇ ਗਏ ਸੋਜੀ (SOGI) ਪ੍ਰੋਗਰਾਮ ਦੀ ਲਗਾਤਾਰ ਵਿਰੋਧਤਾ ਕਰਦੇ ਆ ਰਹੇ ਹਨ। ‘ਸਰੀ ਨਿਊਜ਼’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਧਮਕੀ ਭਰੀ ਚਿੱਠੀ ਕਿਸੇ ਅਗਿਆਤ ਵਿਅਕਤੀ ਵੱਲੋਂ ਉਨ੍ਹਾ ਦੇ ਪਤੇ ਉੱਪਰ ਮੇਲ ਰਾਹੀਂ ਭੇਜੀ ਗਈ ਹੈ। ਅੰਗਰੇਜ਼ੀ ਵਿੱਚ ਟਾਇਪ ਕਰਕੇ ਪ੍ਰਿੰਟ ਕੀਤੀ ਹੋਈ ਇਹ ਚਿੱਠੀ ਚੋਣਾਂ ਤੋਂ ਮਹਿਜ਼ ਦੋ ਦਿਨ ਪਹਿਲਾਂ ਇੱਕ ਡਾਕ ਟਿਕਟ ਲੱਗੇ ਹੋਏ ਬੰਦ ਲਿਫ਼ਾਫੇ ਵਿੱਚ ਮਿਲੀ ਹੈ। ਇਸ ਚਿੱਠੀ ਵਿਚ ਉਨ੍ਹਾਂ ਨੂੰ ਬੀ.ਸੀ. ਵਿਧਾਨ ਸਭਾ ਚੋਣਾਂ ‘ਚੋ ਹਟਣ ਦੀ ਸਲਾਹ ਦਿੱਤੀ ਗਈ ਹੈ ਅਤੇ ਸਰੀ-ਨਿਊਟਨ ਹਲਕੇ ਤੋਂ ਆਪਣੀ ਉਮੀਦਵਾਰੀ ਦੇ ਕਾਗਜ਼ ਵਾਪਸ ਲੈਣ ਲਈ ਕਿਹਾ ਗਿਆ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਨ੍ਹਾਂ ਦੀ ** ਵਿੱਚ ਛੇ ਗੋਲੀਆਂ ਮਾਰਨ ਦੀ ਧਮਕੀ ਦਿੱਤੀ ਗਈ ਹੈ!
ਚਿੱਠੀ ਰਾਂਹੀ ਮਿਲੀ ਅਜਿਹੀ ਧਮਕੀ ਨੂੰ ਗੰਭੀਰਤਾ ਨਾਲ ਲੈਂਦਿਆਂ ਉਨ੍ਹਾਂ ਇਸ ਬਾਬਤ ਸਰੀ RCMP ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਸਰੀ-ਨਿਊਟਨ ਹਲਕੇ ਤੋਂ ਕੰਜ਼ਰਵੇਟਿਵ ਪਾਰਟੀ ਦੀ ਟਿਕਟ ‘ਤੇ ਚੋਣ ਲੜ ਰਹੇ ਉਮੀਦਵਾਰ ਤੇਗਜੋਤ ਬੱਲ ਨੇ ਕਿਹਾ ਕਿ ਪੁਲਸ ਨੂੰ ਇਸ ਚਿੱਠੀ ਦੀ ਤਫ਼ਤੀਸ਼ ਕਰਕੇ ਸੱਚਾਈ ਜਲਦੀ ਲੋਕਾਂ ਸਾਹਮਣੇ ਲਿਆਉਣੀ ਚਾਹੀਦੀ ਹੈ।