ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਜੇਲ੍ਹ ਮੰਤਰੀ ਪੰਜਾਬ, ਲਾਲਜੀਤ ਸਿੰਘ ਭੁੱਲਰ ਨੇ 30 ਸਾਲਾਂ ਬਾਅਦ ਜੇਲ੍ਹ ਵਿਭਾਗ ਵਿੱਚ ਪਹਿਲੀ ਵਾਰ ਰੈਗੂਲਰ ਭਰਤੀ ਵਜੋਂ 15 ਜੇ.ਬੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਕਿਹਾ ਕਿ ਕੁੱਲ 22 ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ, ਬਾਕੀ ਰਹਿੰਦੇ 7 ਅਧਿਆਪਕਾਂ ਨੂੰ ਵੀ ਜਲਦੀ ਨਿਯੁਕਤੀ ਪੱਤਰ ਸੌਂਪੇ ਜਾਣਗੇ ।
ਇਹ ਅਧਿਆਪਕ ਕੈਦੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਅਤੇ ਸਮਾਜ ਵਿੱਚ ਮੁੜ ਵਸੇਬੇ ਵਿੱਚ ਮਦਦ ਕਰਨਗੇ। ਮੰਤਰੀ ਨੇ ਕਿਹਾ ਕਿ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੇ ਜੇਲ੍ਹ ਵਿੱਚ ਆਪਣੀਆਂ ਮਾਵਾਂ ਨਾਲ ਹੀ ਰਹਿਣਾ ਹੁੰਦਾ ਹੈ, ਉਨ੍ਹਾਂ ਦੀ ਪੜ੍ਹਾਈ ਵਿੱਚ ਕੋਈ ਕਮੀ ਨਾ ਆਵੇ ਅਜਿਹਾ ਯਕੀਨੀ ਬਣਾਉਣ ਲਈ ਪੱਕੇ ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ।ਇਸ ਵੇਲੇ ਪੰਜਾਬ ਦੀਆਂ ਜੇਲ੍ਹਾਂ ਵਿੱਚ ਤਕਰੀਬਨ 50 ਬੱਚੇ ਰਹਿ ਰਹੇ ਹਨ ।
ਜੇਲ੍ਹ ਵਿਭਾਗ ਦੀਆਂ ਹਾਲੀਆ ਪ੍ਰਾਪਤੀਆਂ ਗਿਣਾਉਂਦੇ ਹੋਏ ਉਨ੍ਹਾਂ ਕਿਹਾ ਕਿ 738 ਵਾਰਡਰਾਂ ਅਤੇ 25 ਮੈਟਰਨਾਂ ਦੀ ਭਰਤੀ ਮੁਕੰਮਲ ਕਰ ਲਈ ਗਈ ਹੈ।
179 ਗਾਰਡ ਅਸਾਮੀਆਂ ਭਰਤੀ ਅਧੀਨ ਹਨ।
ਅਤੇ 1220 ਪੋਸਟਾਂ ਜਲਦੀ ਹੋਰ ਕੱਢੀਆਂ ਜਾ ਰਹੀਆਂ ਹਨ।
ਜੇਲ੍ਹਾਂ ਵਿੱਚ ਸਿੱਖਿਆ ਦੇ ਵਿਕਾਸ ਨੂੰ ਲੈ ਕੇ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ 2200 ਕੈਦੀਆਂ ਵੱਲੋਂ ਵਿੱਦਿਅਕ ਕੋਰਸਾਂ ਵਿੱਚ ਦਾਖ਼ਲੇ ਲਏ ਗਏ ਹਨ।ਅਤੇ ਜਨਵਰੀ 2025 ਵਿੱਚ 513 ਕੈਦੀਆਂ ਲਈ ਹੁਨਰ ਸਿਖਲਾਈ ਸ਼ੁਰੂ ਹੋਵੇਗੀ ।