ਸਰੀ – ਬੀ. ਸੀ. ਦੀਆਂ ਸੂਬਾਈ ਚੋਣਾਂ ਵਿੱਚ ਸਰੀ-ਨਿਊਟਨ ਹਲਕੇ ਤੋਂ ਉਮੀਦਵਾਰ ਤੇਗਜੋਤ ਬੱਲ ਦਾ ਕਹਿਣਾ ਹੈ,“ਮੈਂ ਸਰੀ ਨੂੰ ਹੇਸਟਿੰਗਜ਼ ਨਹੀਂ ਬਣਨ ਦੇਵਾਂਗਾ, ਅਪਰਾਧੀਆਂ ਨੂੰ ਬੇਲ ਨਹੀਂ ਜ਼ੇਲ੍ਹ ਹੋਣੀ ਚਾਹੀਦੀ ਹੈ।ਸਾਡੀ ਪਾਰਟੀ ਅਪਰਾਧਕ ਅਨਸਰਾਂ ਨਾਲ ਸਖ਼ਤੀ ਨਾਲ ਪੇਸ਼ ਆਏਗੀ ।” ਤੇਗਜੋਤ ਬੱਲ ਬੀ.ਸੀ. ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਹਨ ਜੋ ਸਰੀ ਵਿੱਚ ਚੋਣਾਂ ਤੋਂ ਐਨ ਪਹਿਲਾਂ ਹੋਈ ਪਾਰਟੀ ਦੀ ਵਿਸ਼ਾਲ ਰੈਲੀ ਤੋਂ ਬਾਅਦ ਭਰਪੂਰ ਉਤਸ਼ਾਹ ਵਿੱਚ ਨਜ਼ਰ ਆਏ। ਉਨ੍ਹਾਂ ਕਿਹਾ ਕਿ ਝੂਠੇ ਦਾਅਵੇ ਕਰਨ ਵਾਲਿਆਂ ਦੇ ਦਿਨ ਹੁਣ ਪੁੱਗ ਗਏ ਹਨ, “ਹੁਣ ਸਰੀ ਵਿੱਚ ਤਬਦੀਲੀ ਦੀ ਹਵਾ ਰੁਮਕ ਰਹੀ ਹੈ, ਸਰੀ ਦੇ ਵੋਟਰ ਹੁਣ ਆਪਣਾ ਮਨ ਬਣਾ ਚੁੱਕੇ ਹਨ। ਸਿਆਸਤਦਾਨਾਂ ਵੱਲੋਂ ਸਰੀ ਨੂੰ ਲਗਾਤਾਰ ਅਣਗੌਲਿਆ ਕੀਤਾ ਗਿਆ ਹੈ ਪਰੰਤੂ ਸੂਬੇ ਵਿੱਚ ਕੰਸਰਵੇਟਿਵ ਪਾਰਟੀ ਦੀ ਸਰਕਾਰ ਬਨਣ ‘ਤੇ ਸਰੀ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।”
ਜ਼ਿਕਰਯੋਗ ਹੈ ਕਿ ਬੀ.ਸੀ. ਵਿੱਚ ਸੱਤਾ ਹਾਸਲ ਕਰਨ ਲਈ ਦੋ ਪ੍ਰਮੁੱਖ ਸਿਆਸੀ ਪਾਰਟੀਆਂ ਦਰਮਿਆਨ ਫ਼ਸਵਾਂ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਇੱਕ ਪਾਸੇ ਜੌਹਨ ਰਸਟਡ ਦੀ ਅਗਵਾਈ ਵਿੱਚ ਕੰਨਸਰਵੇਟਿਵ ਪਾਰਟੀ ਸੂਬੇ ਵਿੱਚ ਆਪਣੀ ਸਰਕਾਰ ਬਣਾਉਣ ਲਈ ਪੱਬਾਂ ਭਾਰ ਹੈ, ਦੂਜੇ ਪਾਸੇ ਬੀ.ਸੀ.ਐਨ.ਡੀ.ਪੀ. ਪ੍ਰੀਮੀਅਰ ਡੇਵਿਡ ਈਬੀ ਦੀ ਅਗਵਾਈ ਵਿੱਚ ਦੁਬਾਰਾ ਸੱਤਾ ਹਾਸਲ ਕਰਨ ਲਈ ਜ਼ੋਰ ਅਜ਼ਮਾਈ ਕਰ ਰਹੀ ਹੈ। ਸੂਬੇ ਵਿੱਚ ਭਲਕੇ 19 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ। ਇਸ ਵਾਰ 10 ਲੱਖ ਤੋਂ ਵਧੇਰੇ ਵੋਟਰ ਅਗਾਂਊ ਹੀ ਆਪਣੀ ਵੋਟ ਭੁਗਤਾ ਚੁੱਕੇ ਹਨ। ਸਿਆਸੀ ਮਾਹਿਰਾਂ ਦਾ ਮੰਨਣਾਂ ਹੈ ਕਿ ਸੱਤਾ ਤਬਦੀਲੀ ਹੋਣ ਦੀ ਸੂਰਤ ਵਿੱਚ ਵੀ ਮਜ਼ਬੂਤ ਵਿਰੋਧੀ ਧਿਰ ਦਾ ਸਾਹਮਣਾ ਕਰਨਾਂ ਪਏਗਾ।