ਸਰੀ, ਬ੍ਰਿਟਿਸ਼ ਕੋਲੰਬੀਆ – ਸਰੀ ਵਿੱਚ ਪਿਛਲੇ ਸਾਲ ਜਨਵਰੀ ਮਹੀਨੇ ਵਿੱਚ ਹੋਏ ਇੱਕ ਘਾਤਕ ਸੜਕ ਹਾਦਸੇ ਮਗਰੋਂ ਮੌਕੇ ਤੋਂ ਭੱਜਣ ਵਾਲੇ ਦੋ ਪੰਜਾਬੀ ਨੌਜਵਾਨਾਂ ਨੇ ਅਦਾਲਤ ਵਿੱਚ ਕਈ ਦੋਸ਼ ਕਬੂਲ ਕਰ ਲਏ ਹਨ।
ਪਿਛਲੇ ਸਾਲ 27 ਜਨਵਰੀ 2024 ਨੂੰ, ਰਾਤ ਦੇ ਤਕਰੀਬਨ 1:43 ਵਜੇ,ਸਰੀ ਆਰ.ਸੀ.ਐਮ.ਪੀ. ਨੂੰ 104 ਐਵੇਨਿਊ ਦੇ ਨੇੜੇ ਯੂਨੀਵਰਸਿਟੀ ਡਰਾਈਵ ਉੱਪਰ ਇੱਕ ਪੈਦਲ ਯਾਤਰੀ ਨਾਲ ਹਿੱਟ ਐਂਡ ਰਨ ਦੀ ਰਿਪੋਰਟ ਮਿਲੀ ਸੀ। ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੇ ਕੁਝ ਬਲਾਕ ਦੂਰ ਸ਼ੱਕੀ ਵਾਹਨ ਅਤੇ ਪੀੜ੍ਹਤ ਨੂੰ ਲੱਭ ਲਿਆ ਸੀ। ਗਵਾਹਾਂ ਵੱਲੋਂ ਇੱਕ ਲਾਲ ਰੰਗ ਦੀ ਫੋਰਡ ਮਸਟੈਂਗ ਗੱਡੀ ਨੂੰ ਇੱਕ ਆਦਮੀ ਨਾਲ ਟਕਰਾਉਣ ਮਗਰੋਂ ਫ਼ਰਾਰ ਹੁੰਦੇ ਹੋਏ ਦੇਖਿਆ ਗਿਆ ਸੀ। ਅਧਿਕਾਰੀਆਂ ਵੱਲੋਂ ਪੀੜ੍ਹਤ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਸੀ।
ਆਰ.ਸੀ.ਐਮ.ਪੀ. ਦੇ ਸਰੀ ਪ੍ਰੋਵਿਨਸ਼ੀਅਲ ਓਪਰੇਸ਼ਨਜ਼ ਸਪੋਰਟ ਯੂਨਿਟ ਦੀ ਕ੍ਰਿਮਿਨਲ ਕੋਲਿਜ਼ਨ ਇਨਵੈਸਟੀਗੇਸ਼ਨ ਟੀਮ (CCIT) ਵਲੋਂ ਕੀਤੀ ਗਈ ਵਿਸਤਾਰਤ ਜਾਂਚ ਤੋਂ ਬਾਅਦ, 27 ਜਨਵਰੀ 2024 ਨੂੰ ਗ੍ਰਿਫਤਾਰ ਕੀਤੇ ਗਏ ਦੋ ਵਿਅਕਤੀਆਂ ਨੇ ਹੁਣ ਦੋਸ਼ ਕਬੂਲ ਕਰ ਲਏ ਹਨ।
ਹਾਦਸਾ ਵਾਪਰਨ ਤੋਂ ਤਕਰੀਬਨ ਇੱਕ ਸਾਲ ਬਾਅਦ ਹੁਣ ਗਗਨਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੇ ਖ਼ਤਰਨਾਕ ਤਰੀਕੇ ਨਾਲ ਗੱਡੀ ਚਲਾਉਣ,ਹਾਦਸੇ ਤੋਂ ਬਾਅਦ ਪੀੜ੍ਹਤ ਨੂੰ ਬਿਨਾਂ ਮਦਦ ਦਿੱਤੇ ਮੌਕੇ ਤੋਂ ਭੱਜ ਜਾਣ ਅਤੇ ਮ੍ਰਿਤਕ ਵਿਅਕਤੀ ਦੀ ਲਾਸ਼ ਨਾਲ ਛੇੜਛਾੜ ਕਰਨ ਦੇ ਦੋਸ਼ ਕਬੂਲ ਕੀਤੇ ਹਨ।
ਦੋਵੇਂ ਦੋਸ਼ੀ ਹਾਲੇ ਹਿਰਾਸਤ ਤੋਂ ਬਾਹਰ ਹਨ ਅਤੇ ਉਨ੍ਹਾਂ ਨੂੰ ਸਜ਼ਾ ਸੁਣਾਉਣ ਲਈ ਮਈ ਮਹੀਨੇ ਵਿੱਚ ਤਰੀਕ ਤੈਅ ਕੀਤੀ ਗਈ ਹੈ।
Comments