ਸਰੀ, ਬੀ ਸੀ -ਸਰੀ ਸਿਟੀ ਕੌਂਸਲ ਵੱਲੋਂ ਸ਼ਹਿਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਪਟਾਕੇ ਚਲਾਉਣ ਵਾਲਿਆਂ ਉੱਪਰ ਸਖ਼ਤੀ ਕੀਤੀ ਜਾ ਰਹੀ ਹੈ ।ਸੋਮਵਾਰ ਨੂੰ ਰੈਗੂਲਰ ਕੌਂਸਲ ਮੀਟਿੰਗ ਦੌਰਾਨ ਸਰੀ ਸਿਟੀ ਕਾਉਂਸਿਲ ਨੇ ਹੈਲੋਵੀਨ ਅਤੇ ਦੀਵਾਲੀ ਦੇ ਜਸ਼ਨਾਂ ਤੋਂ ਪਹਿਲਾਂ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਨਾਲ ਸਬੰਧਤ ਜੁਰਮਾਨਿਆਂ ਵਿੱਚ ਹੋਰ ਵਾਧਾ ਕਰਨ ਨੂੰ ਮਨਜ਼ੂਰੀ ਦੇਣ ਲਈ ਵੋਟ ਪਾਈ ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਜੁਰਮਾਨੇ ਵਿੱਚ ਵਾਧਾ ਹੈਲੋਵੀਨ ਅਤੇ ਦੀਵਾਲੀ ਤੋਂ ਪਹਿਲਾਂ ਪਟਾਕਿਆਂ ਨਾਲ ਜੁੜੀਆਂ ਸ਼ਿਕਾਇਤਾਂ ਵਿੱਚ ਹੋਏ ਵੱਡੇ ਵਾਧੇ ਕਾਰਨ ਕੀਤਾ ਗਿਆ ਹੈ”।“ਪਟਾਕਿਆਂ ਦੀ ਗੈਰ-ਕਾਨੂੰਨੀ ਵਰਤੋਂ ਨਾਲ ਸੰਭਾਵੀ ਸੱਟਾਂ, ਪ੍ਰੋਪੇਰਟੀਜ਼ ਨੂੰ ਨੁਕਸਾਨ, ਅਤੇ ਜਾਨਵਰਾਂ ਨੂੰ ਪਰੇਸ਼ਾਨੀ ਦੇ ਗੰਭੀਰ ਖਤਰੇ ਪੈਦਾ ਹੁੰਦੇ ਹਨ। ਕਾਉਂਸਿਲ ਨੇ ਅਣਅਧਿਕਾਰਤ ਪਟਾਕਿਆਂ ਦੀ ਵਰਤੋਂ ਨੂੰ ਰੋਕਣ ਅਤੇ ਸਰੀ ਨਿਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜੁਰਮਾਨੇ ਵਿੱਚ ਮਹੱਤਵਪੂਰਨ ਵਾਧਾ ਕਰਨ ਲਈ ਇਹ ਕਦਮ ਚੁੱਕਿਆ ਹੈ।”
ਸਰੀ ਵਿੱਚ, ਪਟਾਕੇ ਚਲਾਉਣ ਲਈ ਫੈਡਰਲ ਸਰਟੀਫਿਕੇਟ ਅਤੇ ਸਰੀ ਫਾਇਰ ਸਰਵਿਸ ਤੋਂ ਪਰਮਿਟਾਂ ਦੀ ਲੋੜ ਹੁੰਦੀ ਹੈ।
ਕਾਰਪੋਰੇਟ ਸਰਵਿਸਿਜ਼ ਦੇ ਜਨਰਲ ਮੈਨੇਜਰ ਜਤਿੰਦਰ ਸਿੰਘ ਜੋਏ ਬਰਾੜ ਅਨੁਸਾਰ, “ਇਹ ਵਧੇ ਹੋਏ ਜੁਰਮਾਨੇ ਲਾਪਰਵਾਹ ਕਾਰਵਾਈਆਂ ਨੂੰ ਰੋਕਣ ਵਿੱਚ ਮੱਦਦ ਅਤੇ ਹਰ ਕਿਸੇ ਨੂੰ ਕਾਨੂੰਨ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰਨਗੇ।” “ਇਹ ਤਬਦੀਲੀਆਂ ਬਾਈਲਾਅ ਅਫਸਰਾਂ ਅਤੇ ਪੁਲਿਸ ਨੂੰ ਉਹ ਸਹੂਲਤਾਂ ਵੀ ਦਿੰਦੀਆਂ ਹਨ, ਜਿਹਨਾਂ ਦੀ ਉਹਨਾਂ ਨੂੰ ਆਤਿਸ਼ਬਾਜ਼ੀ ਦੇ ਖ਼ਤਰਿਆਂ ਨੂੰ ਰੋਕਣ ਲਈ ਹੋਰ ਵਧੇਰੇ ਪ੍ਰਬੰਧ ਕਰਨ ਦੀ ਲੋੜ ਹੁੰਦੀ ਹੈ। ਅਸੀਂ ਸਾਰੇ ਵਸਨੀਕਾਂ ਨੂੰ ਯਾਦ ਕਰਾ ਰਹੇ ਹਾਂ ਕਿ, ਸਿਰਫ ਸਹੀ ਪਰਮਿਟ ਵਾਲੇ ਹੀ ਪਟਾਕੇ ਚਲਾਉਣੇ ਚਾਹੀਦੇ ਹਨ, ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਭਾਰੀ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ।”
ਮੌਜੂਦਾ ਨਿਯਮਾਂ ਦੇ ਤਹਿਤ, ਪਟਾਕਿਆਂ ਦੀ ਉਲੰਘਣਾ ਲਈ ਵੱਧ ਤੋਂ ਵੱਧ $500 ਤੱਕ ਜੁਰਮਾਨੇ ਹਨ, ਜੋ ਕਾਫ਼ੀ ਘੱਟ ਹੈ । ਇਸਦੇ ਹੱਲ ਲਈ, ਸਿਟੀ ਫਾਇਰਵਰਕਸ ਬਾਈਲਾਅ,ਬਾਈਲਾਅ ਇਨਫੋਰਸਮੈਂਟ ਨੋਟਿਸ (BEN), ਅਤੇ ਮਿਉਂਸੀਪਲ ਟਿਕਟ ਇਨਫਰਮੇਸ਼ਨ (MTI) ਬਾਈਲਾਅ ਵਿੱਚ ਮਹੱਤਵਪੂਰਨ ਸੋਧਾਂ ਦਾ ਪ੍ਰਸਤਾਵ ਰੱਖਿਆ ਹੈ। ਮੁੱਖ ਤਬਦੀਲੀਆਂ ਵਿੱਚ ਸ਼ਾਮਲ ਹਨ:
- ਪਟਾਕਿਆਂ ਦੀ ਉਲੰਘਣਾ ਲਈ ਘੱਟੋ-ਘੱਟ $100ਜੁਰਮਾਨੇ ਨੂੰ ਵਧਾ ਕੇ $400 ਅਤੇ ਵੱਧ ਤੋਂ ਵੱਧ ਜੁਰਮਾਨੇ ਨੂੰ $5,000 ਤੋਂ $50,000 ਤੱਕ ਵਧਾਉਣਾ।
- ਫਾਇਰਵਰਕਸ ਬਾਈਲਾਅ ਦੀ ਉਲੰਘਣਾ ਲਈMTI ਜੁਰਮਾਨੇ ਨੂੰ ਵਧਾ ਕੇ $1,000 ਕਰਨਾ, ਜੋ ਹੋਰ ਸਖ਼ਤੀਆਂ ਲਾਗੂ ਕਰਨ ਦੀ ਸਹੂਲਤ ਦੇਵੇਗਾ।
- ਬਿਹਤਰ ਨਿਯਮਾਂ ਦੀ ਪਾਲਣਾ ਅਤੇ ਕਮਿਊਨਟੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ BEN ਬਾਈਲਾਅ ਦੇ ਤਹਿਤ ਜੁਰਮਾਨਿਆਂ ਵਿੱਚ ਵਾਧਾ ਕੀਤਾ ਗਿਆ ਹੈ।