ਸਰੀ, ਬੀ.ਸੀ. – ਕੈਨੇਡਾ ਵਿੱਚ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸਰੀ ਸ਼ਹਿਰ ਵਿੱਚ ਮ੍ਰਿਤਕਾਂ ਦੇ ਫੁੱਲ ਪਾਉਣ ਦੀ ਵਿਵਸਥਾ ਕਰਨ ਦਾ ਰੇੜਕਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਬੀ.ਸੀ. ਵਿੱਚ 19 ਅਕਤੂਬਰ ਨੂੰ ਹੋਣ ਵਾਲੀਆਂ ਸੂਬਾਈ ਚੋਣਾਂ ਲਈ ਵੋਟਾਂ ਪੈਣ ਤੋਂ ਐਨ ਪਹਿਲਾਂ ਇਹ ਇੱਕ ਵਾਰ ਫ਼ਿਰ ਚੋਣ ਮੁੱਦਾ ਬਣ ਗਿਆ ਹੈ।
ਮ੍ਰਿਤਕ ਪ੍ਰਾਣੀਆਂ ਦੇ ਫੁੱਲ ਤਾਰਨ ਦਾ ਇਹ ਮਾਮਲਾ ਉਸ ਵੇਲੇ ਦੁਬਾਰਾ ਤੂਲ ਫ਼ੜ ਗਿਆ ਜਦੋਂ ਸੂਬਾਈ ਚੋਣਾਂ ਵਿੱਚ ਨਿੱਤਰੇ ਬੀ.ਸੀ.ਐੱਨ.ਡੀ.ਪੀ. ਦੇ ਉਮੀਦਵਾਰਾਂ ਬਲਤੇਜ ਸਿੰਘ ਢਿੱਲੋਂ, ਰਚਨਾ ਸਿੰਘ ਅਤੇ ਨਿੱਕੀ ਸ਼ਰਮਾਂ ਨੇ ਸਰੀ ਵਿੱਚ ਅਸਥੀਆਂ ਵਿਸਰਜਨ ਕਰਨ ਲਈ ਫ਼ਰੇਜ਼ਰ ਦਰਿਆ ‘ਤੇ ਬਣਾਏ ਜਾਣ ਵਾਲੇ ਘਾਟ ਦੇ ਨਿਰਮਾਣ ਵਿੱਚ ਆਉਂਦੇ ਸਾਰੇ ਅੜਿੱਕੇ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਸਰੀ ਵਿਖੇ ਇੱਕ ਐੱਨ.ਡੀ.ਪੀ. ਉਮੀਦਵਾਰ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਮੌਕੇ ਬੋਲਦਿਆਂ ਸਰੀ- ਸਰਪਨਟਾਇਨ ਰਿਵਰ ਹਲਕੇ ਦੇ ਉਮੀਦਵਾਰ ਬਲਤੇਜ ਸਿੰਘ ਢਿੱਲੋਂ ਨੇ ਕਿਹਾ ਕਿ ੳਨ੍ਹਾਂ ਦੀ ਪਾਰਟੀ ਇਹ ਯਕੀਨੀ ਬਣਾਏਗੀ ਕਿ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕ ਆਪਣੇ ਪਰਿਵਾਰਾਂ ਦੇ ਮ੍ਰਿਤਕ ਪ੍ਰਾਣੀਆਂ ਦੀਆਂ ਅਸਥੀਆਂ ਪ੍ਰਵਾਹ ਕਰਨ ਨਾਲ ਸਬੰਧਿਤ ਰਸਮਾਂ ਪੂਰੀ ਸ਼ਾਨੋ-ਸ਼ੌਕਤ ਨਾਲ ਨਿਭਾ ਸਕਣ। ਉਨ੍ਹਾਂ ਕਿਹਾ ਕਿ ਇਸ ਬਾਬਤ ਮੂਲ ਵਾਸੀ ਲੋਕਾਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਉਹ ਸੂਬੇ ਭਰ ਵਿੱਚ ਵੱਖ -ਵੱਖ ਥਾਂਵਾਂ ‘ਤੇ ਅਜਿਹੇ ਘਾਟਾਂ ਦਾ ਨਿਰਮਾਣ ਕਰਵਾਉਣਗੇ ਪਰ ਇਸਦੀ ਸ਼ੁਰੂਆਤ ਸਰੀ ਤੋਂ ਹੋਵੇਗੀ।
ਇਸ ਐਲਾਨ ‘ਤੇ ਫੌਰੀ ਪ੍ਰਤੀਕਰਮ ਕਰਦਿਆਂ ਬੀ.ਸੀ. ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਮਨਦੀਪ ਧਾਲੀਵਾਲ ਨੇ ਇਤਰਾਜ਼ ਜ਼ਾਹਿਰ ਕੀਤਾ ਕਿ ਅਜਿਹਾ ਐਲਾਨ ਤਾਂ ਸਰੀ ਦੇ ਸਾਬਕਾ ਮੇਅਰ ਡਗ ਮੈਕੱਲਮ ਪਹਿਲਾਂ ਹੀ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਐਨ.ਡੀ.ਪੀ. ੳਮੀਦਵਾਰ ਸਰੀ ਦੇ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਅਜਿਹੇ ਬਿਆਨ ਦੇ ਰਹੇ ਹਨ।ਉਨ੍ਹਾ ਕਿਹਾ ਕਿ ਐੱਨ.ਡੀ.ਪੀ. ਵਾਲੇ ਸਿਰਫ਼ ਬਿਆਨ ਦਿੰਦੇ ਹਨ ਕਰਦੇ ਕੁਝ ਨਹੀਂ।
ਇਸੇ ਦੌਰਾਨ ਸਾਬਕਾ ਮੇਅਰ ਡਗ ਮੈਕੱਲਮ ਨੇ ਮ੍ਰਿਤਕਾਂ ਦੀਆਂ ਅਸਥੀਆਂ ਜਲ- ਪ੍ਰਵਾਹ ਕਰਨ ਲਈ ਸਰੀ ਸ਼ਹਿਰ ਵਿੱਚ ਦਰਿਆ ਦੇ ਕੰਢੇ ਨਿਰਧਾਰਤ ਜਗ੍ਹਾ ‘ਫੇਅਰਵੈੱਲ ਗਾਰਡਨਜ਼’ ਦਾ ਨਿਰਮਾਣ ਕਰਨ ਲਈ ਪੋਰਟ ਅਥਾਰਿਟੀ ਅਤੇ ਬੀ.ਸੀ. ਸਰਕਾਰ ਕੋਲੋਂ ਲੋੜੀਦੀਆਂ ਸਾਰੀਆਂ ਮਨਜ਼ੂਰੀਆਂ ਹਾਸਲ ਕਰ ਲੈਣ ਦਾ ਦਾਅਵਾ ਕੀਤਾ ਹੈ। ਉਹਨਾਂ ਸਰੀ ਦੀ ਮੌਯੂਦਾ ਮੇਅਰ ਬਰੈਂਡਾ ਲੌਕ ਉਪਰ ੳਨ੍ਹਾਂ ਵੱਲੋਂ ਸਰੀ ਦੇ ਹਿੰਦੂ ਅਤੇ ਸਿੱਖ ਭਾਈਚਾਰੇ ਲਈ ਲਿਆਂਦੇ ਗਏ ਇਸ ਪ੍ਰਾਜੈਕਟ ਨੂੰ ਠੱਪ ਕਰ ਦੇਣ ਦਾ ਇਲਜ਼ਾਮ ਲਗਾਇਆ ਹੈ। ਸਾਬਕਾ ਮੇਅਰ ਮੈੱਕਲੱਮ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਸਬੰਧਿਤ ਭਾਈਚਾਰਿਆਂ ਲਈ ਲਿਆਂਦੇ ਗਏ ਸੱਭਿਆਚਾਰਕ ਮਹੱਤਤਾ ਵਾਲੇ ਇਸ ਪ੍ਰਾਜੈਕਟ ਲਈ ਲੋੜੀਂਦੀਆਂ ਸਾਰੀਆਂ ਪ੍ਰਵਾਨਗੀਆਂ ਮਿਲੀਆਂ ਹੋਣ ਦੇ ਬਾਵਜੂਦ ਮੌਯੂਦਾ ਮੇਅਰ ਵੱਲੋੰ ਇਸ ਨੂੰ ਸਿਰੇ ਚਾੜ੍ਹਣ ਵਿੱਚ ਬੇਲੋੜੀ ਦੇਰੀ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਮੌਯੂਦਾ ਮੇਅਰ ਬਰੈਂਡਾ ਲੌਕ ਦੇ ਦਫ਼ਤਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਦਾ ਸਰੀ ਵਿੱਚ ਅਸਥੀਆਂ ਪ੍ਰਵਾਹੁਣ ਲਈ ਸਾਈਟ ਦੀ ਪ੍ਰਵਾਨਗੀ ਅਤੇ ਸਥਾਪਨਾ ਬਾਰੇ ਗਲਤ ਜਾਣਕਾਰੀ ਫੈਲਾਈ ਗਈ ਹੈ। ਮੇਅਰ ਦੇ ਦਫਤਰ ਵਿੱਚ ਤਾਇਨਾਤ ਮਲਟੀਕਲਚਰਲ ਮੀਡੀਆ ਲੀਡ ਪ੍ਰਭਜੋਤ ਕਾਹਲੋਂ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ 2021 ਵਿੱਚ, ਸਾਬਕਾ ਮੇਅਰ ਡੱਗ ਮੈਕਲਮ ਦੇ ਪ੍ਰਸ਼ਾਸਨ ਦੇ ਅਧੀਨ, ਸਿਟੀ ਸਟਾਫ ਨੂੰ ਬ੍ਰਾਊਨਸਵਿਲੇ ਪਾਰਕ ਵਿੱਚ ਅਸਥੀਆਂ ਪ੍ਰਵਾਹੁਣ ਲਈ ਇੱਕ ਪੀਅਰ ਬਣਾਉਣ ਦੀ ਸੰਭਾਵਨਾ ਬਾਰੇ, ਫਾਈਵ ਰਿਵਰਜ਼ ਕਮਿਊਨਿਟੀ ਸਰਵਿਸਿਜ਼ ਸੁਸਾਇਟੀ ਨਾਲ ਮਿਲਣ ਲਈ ਕਿਹਾ ਗਿਆ ਸੀ। ਪਿਛਲੇ ਮੇਅਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ, ਫਾਈਵ ਰਿਵਰਜ਼ ਸੋਸਾਇਟੀ ਦੁਆਰਾ ਨਿੱਜੀ ਤੌਰ ‘ਤੇ ਪੀਅਰ ਨੂੰ ਫੰਡ ਦੇਣੇ ਸੀ। ਜਦੋਂ ਕਿ ਹੋਰ ਵਿਚਾਰ-ਵਟਾਂਦਰੇ ਹੋਏ, ਪਰ ਪ੍ਰੋਜੈਕਟ ਨੂੰ ਫੰਡ ਦੇਣ ਬਾਰੇ ਕੋਈ ਸਮਝੌਤਾ ਨਹੀਂ ਸੀ ਹੋਇਆ ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਪਿਛਲੀ ਕੌਂਸਲ ਦੁਆਰਾ, ਇਸ ਮੁੱਦੇ ‘ਤੇ ਕਦੇ ਵੀ ਸਮੁੱਚੇ ਤੌਰ ‘ਤੇ ਚਰਚਾ ਨਹੀਂ ਕੀਤੀ ਗਈ ਸੀ ਅਤੇ ਨਾ ਹੀ ਪਿਛਲੀ ਕੌਂਸਲ ਨੇ ਇਸ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਕੋਈ ਪ੍ਰਵਾਨਗੀ ਦਿੱਤੀ ਸੀ, ਜਦਕਿ ਮੇਅਰ ਬਰੈਂਡਾ ਲੌਕ ਨੇ, ਸਟਾਫ ਨੂੰ ਇਸ ਬਾਰੇ ਸੂਬੇ ਨਾਲ ਗੱਲਬਾਤ ਕਰਨ ਦੇ ਹੁਕਮ ਦਿੱਤੇ ਸਨ। ਸੂਬੇ ਨੇ ਸ਼ਹਿਰ ਨੂੰ ਸਲਾਹ ਦਿੱਤੀ ਹੈ ਕਿ ਇਸ ਮੰਤਵ ਲਈ ਇੱਕ ਸਮਰਪਿਤ ਡੌਕ ਦੀ ਲੋੜ ਹੈ। ਜਿਸ ਉਪਰੰਤ ਸਿਟੀ ਸਟਾਫ, ਕੌਂਸਲ ਲਈ ਇੱਕ ਰਿਪੋਰਟ ਤਿਆਰ ਕਰ ਰਿਹਾ ਹੈ। ਇਹ ਰਿਪੋਰਟ ਅਸਥੀਆਂ ਨੂੰ ਵਹਾਉਣ ਦੀ ਆਗਿਆ ਦੇਣ ਲਈ ਲੋੜੀਂਦੇ ਕਦਮਾਂ ਦੀ ਰੂਪ-ਰੇਖਾ ਅਤੇ ਪੀਅਰ ਦੇ ਨਿਰਮਾਣ ਲਈ ਲਾਗਤ ਦੇ ਅਨੁਮਾਨ ਦੀ ਰੂਪ-ਰੇਖਾ ਦੇਵੇਗੀ। ਇਸ ਰਿਪੋਰਟ ਨੂੰ ਕੌਂਸਲ ਸਾਹਮਣੇ ਛੇਤੀ ਪੇਸ਼ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਭਾਈਚਾਰੇ ਦੇ ਲੋਕ ਕੈਨੇਡਾ ਤੋਂ ਹਜ਼ਾਰਾਂ ਮੀਲ ਦੂਰ ਜ਼ਹਾਜ਼ ਦਾ ਸਫ਼ਰ ਤੈਅ ਕਰ ਕੇ ਭਾਰਤ ਵਿੱਚ ਅਸਥੀਆਂ ਜਲ-ਪ੍ਰਵਾਹ ਕਰਨ ਲਈ ਜਾਂਦੇ ਹਨ। ਕਈ ਇਹ ਰਸਮ ਨਿਭਾਉਣ ਲਈ ਮਹਿੰਗੇ ਭਾਅ ਕਿਸ਼ਤੀਆਂ ਕਿਰਾਏ ‘ਤੇ ਲੈ ਕੇ ਸਮੁੰਦਰ ਵਿੱਚ ਵੀ ਜਾਂਦੇ ਹਨ ਅਤੇ ਕੁਝ ਕੁ ਚੋਰੀ-ਛਿਪੇ ਵੱਖ-ਵੱਖ ਥਾਂਵਾਂ ‘ਤੇ ਸ਼ਹਿਰ ਵਿੱਚੋਂ ਲੰਘਦੇ ਫ਼ਰੇਜ਼ਰ ਦਰਿਆ ਵਿੱਚ ਵੀ ਰੋੜ ਦਿੰਦੇ ਹਨ।
Prof Pritam Singh says
An admirable effort by NDP
Rashpal Atwal says
I started this in 2015 contacting the government through my MLA Harry Bains. Disposing the ashes after cremation in water at safe place. I still have all the paperwork. I provided to all NDP candidates. This is legal to dispose Ashes on crown land. We couldn’t find safe place. Now government is making some kind of arrangement under the new Patoulo Bridge