ਸ੍ਰੀ ਅਮ੍ਰਿੰਤਸਰ ਸਾਹਿਬ- ਅਕਾਲੀ ਆਗੂ ਸੁਖਬੀਰ ਬਾਦਲ ਦੇ ਪੈਰ ‘ਤੇ ਸੱਟ ਵੱਜਣ ਦੀ ਖ਼ਬਰ ਹੈ। ਸੁਖਬੀਰ ਬਾਦਲ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਸਨ, ਜਿੱਥੇ ਉਨ੍ਹਾਂ ਵੱਲੋਂ ਤਨਖ਼ਾਹ ਲਗਾਉਣ ਲਈ ਅਰਜ਼ੋਈ ਕੀਤੀ ਗਈ। ਸੁਖਬੀਰ ਬਾਦਲ ਨੂੰ 30 ਅਗਸਤ ਨੂੰ ਤਨਖ਼ਾਹੀਆ ਕਰਾਰ ਦਿੱਤਾ ਗਿਆ ਸੀ ।ਅੱਜ ਉਹ ਅਕਾਲ ਤਖ਼ਤ ਸਕੱਤਰੇਤ ਵਿਖੇ ਪਹੁੰਚ ਕੇ ਤਨਖ਼ਾਹ ( ਧਾਰਮਿਕ ਸਜ਼ਾ ) ਲਗਵਾਉਣ ਲਈ ਅਪੀਲ ਕਰ ਕੇ ਆਏ ਹਨ। ਇਸ ਦੌਰਾਨ ਉਨ੍ਹਾਂ ਦੇ ਪੈਰ ‘ਤੇ ਸੱਟ ਵੱਜ ਜਾਣ ਨਾਲ ਉਨ੍ਹਾਂ ਨੂੰ ਸਥਾਨਕ ਗੁਰੂ ਰਾਮਦਾਸ ਹਸਪਤਾਲ ਲਿਜਾਣਾ ਪਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਦੀ ਸੱਜੀ ਲੱਤ ‘ਤੇ ਪਲੱਸਤਰ ਲਗਾ ਦਿੱਤਾ ਹੈ। ਹਸਪਤਾਲ ਤੋਂ ਛੁੱਟੀ ਦੇਣ ਉਪਰੰਤ ਡਾਕਟਰਾਂ ਵੱਲੋਂ ਸੁਖਬੀਰ ਬਾਦਲ ਨੂੰ ਬਿਸਤਰੇ ‘ਤੇ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ।