ਸ੍ਰੀ ਅੰਮ੍ਰਿਤਸਰ ਸਾਹਿਬ- ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਵੱਡੀ ਘਟਨਾ ਵਾਪਰੀ ਹੈ। ਦਰਬਾਰ ਸਾਹਿਬ ਦਰਸ਼ਨੀ ਡਿਉੜੀ ਦੇ ਬਾਹਰ ਚੋਬਦਾਰ ਦੀ ‘ਸੇਵਾ’ ਭੁਗਤਾ ਰਹੇ ਸੁਖਬੀਰ ਬਾਦਲ ਉੱਪਰ ਹਮਲਾ ਹੋਇਆ ਹੈ।ਕਾਲੀ ਪੱਗ ਬੰਨ੍ਹੀ ਇੱਕ ਲੰਮੇ ਕੱਦ ਵਾਲੇ ਆਦਮੀ ਨੇ ਆਪਣੀ ਡੱਬ ‘ਚੋਂ ਪਿਸਤੌਲ ਕੱਢਦਿਆਂ ਪਹਿਰੇ ‘ਤੇ ਬੈਠੇ ਸੁਖਬੀਰ ਬਾਦਲ ਉੱਪਰ ਗੋਲੀ ਚਲਾਉਣ ਦਾ ਯਤਨ ਕੀਤਾ! ਜਿਉਂ ਹੀ ਹਮਲਾਵਰ ਵੀਲ਼੍ਹ ਚੇਅਰ ‘ਤੇ ਬੈਠੇ ਸੁਖਬੀਰ ਬਾਦਲ ਵੱਲ ਵਧਿਆ ਤਾਂ ਸੁਖਬੀਰ ਬਾਦਲ ਦੀ ਸੁਰੱਖਿਆ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਵੱਲੋਂ ਗੋਲੀ ਚਲਾਉਣ ਵਾਲਾ ਸ਼ਖਸ਼ ਫੜ੍ਹ ਲਿਆ। ਇਸ ਹੱਥੋਪਾਈ ਦੌਰਾਨ ਸੁਰੱਖਿਆ ਮੁਲਾਜ਼ਮਾਂ ਨੇ ਹਮਲਾਵਰ ਦਾ ਪਿਸਤੌਲ ਵਾਲਾ ਹੱਥ ਉੱਪਰ ਕਰ ਦਿੱਤਾ ਜਿਸ ਨਾਲ ਹਵਾ’ ਚ ਫਾਇਰ ਹੋ ਗਿਆ । ਜਾਨਲੇਵਾ ਹਮਲੇ ਵਿੱਚ ਸੁਖਬੀਰ ਬਾਦਲ ਵਾਲ ਵਾਲ ਬਚ ਗਿਆ। ਗੋਲੀ ਚੱਲਣ ਦੀ ਘਟਨਾਂ ਵਾਪਰਣ ਦੇ ਬਾਵਜੂਦ ਸੁਖਬੀਰ ਬਾਦਲ ਪਹਿਰੇ ‘ਤੇ ਹੀ ਬੈਠਾ ਰਿਹਾ। ਗੋਲੀ ਚਲਾਉਣ ਵਾਲਾ ਸ਼ਖਸ਼ ਨਰਾਇਣ ਸਿੰਘ ਚੌੜਾ ਦੱਸਿਆ ਜਾ ਰਿਹਾ ਹੈ।