ਸ੍ਰੀ ਅੰਮ੍ਰਿਤਸਰ ਸਾਹਿਬ- ਸ਼੍ਰੋਮਣੀ ਅਕਾਲੀ ਦਲ ਦੇ ਮਾਮਲੇ ’ਚ ਅੱਜ ਪੰਜ ਸਿੰਘ ਸਾਹਿਬਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਫ਼ੈਸਲਾ ਸੁਣਾਇਆ ਗਿਆ ਹੈ। ਪੰਜ ਸਿੰਘ ਸਾਹਿਬਾਨ ਨੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਤੋਂ ‘ਫ਼ਖਰ-ਏ-ਕੌਮ’ ਖ਼ਿਤਾਬ ਵਾਪਸ ਲੈਣ, ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਮਿਲਦੀਆਂ ਸਹੂਲਤਾਂ ਵਾਪਸ ਲੈਣ ਦੇ ਹੁਕਮ ਸੁਣਾਏ ਹਨ। ਪੰਜ ਸਿੰਘ ਸਾਹਿਬਾਨ ਵੱਲੋਂ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਫੈਸਲਾ ਸੁਣਾਏ ਜਾਣ ਮੌਕੇ ਤਨਖ਼ਾਹੀਆ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂ ਪਹੁੰਚੇ ਹੋਏ ਸਨ। ਸੁਖਬੀਰ ਬਾਦਲ ਨੇ ਡੇਰਾ ਸਿਰਸਾ ਮੁਖੀ ਨੂੰ ਮੁਆਫ਼ੀ ਦੇਣ ਸਮੇਤ ਆਪਣੇ ਉੱਪਰ ਲੱਗੇ ਗੁਨਾਹ ਕਬੂਲ ਕੀਤੇ । ਇਹਨਾਂ ਗੁਨਾਹਾਂ ਬਦਲੇ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਪਖ਼ਾਨੇ ਸਾਫ ਕਰਨ, ਭਾਂਡੇ ਮਾਂਜਣ,ਨਿੱਤਨੇਮ ਕਰਨ ਅਤੇ ਗੁਰਬਾਣੀ ਕੀਰਤਨ ਸਰਵਣ ਕਰਨ ਦੀ ਸੇਵਾ ਲਗਾਈ ਗਈ। ਇਸ ਮੌਕੇ ਸਿੰਘ ਸਾਹਿਬਾਨ ਵੱਲੋਂ ਡੇਰਾ ਸਿਰਸਾ ਸਬੰਧੀ ਇਸ਼ਤਿਹਾਰਾਂ ਲਈ ਵਰਤੇ ਗਏ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਸੁਖਬੀਰ ਸਿੰਘ ਬਾਦਲ, ਸੁੱਚਾ ਸਿੰਘ ਲੰਗਾਹ, ਗੁਲਜ਼ਾਰ ਸਿੰਘ, ਦਲਜੀਤ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ ਅਤੇ ਹੀਰਾ ਸਿੰਘ ਗਾਬੜੀਆਂ ਕੋਲੋਂ ਵਿਆਜ ਸਮੇਤ ਭਰਪਾਈ ਲਈ ਵੀ ਕਿਹਾ ਗਿਆ ਹੈ। ਇਸ ਮੌਕੇ ਤਨਖ਼ਾਹੀਆ ਕਰਾਰ ਦਿੱਤੇ ਗਏ ਅਕਾਲੀ ਆਗੂਆਂ ਦੇ ਗਲਾਂ ਵਿੱਚ ਤਖ਼ਤੀਆਂ ਵੀ ਪਾਈਆਂ ਗਈਆਂ। ਸੁਖਬੀਰ ਬਾਦਲ ਦੀ ਲੱਤ ‘ਤੇ ਸੱਟ ਵੱਜੀ ਹੋਣ ਕਾਰਨ ਅਤੇ ਸੁਖਦੇਵ ਸਿੰਘ ਢੀਂਡਸਾ ਬਜ਼ੁਰਗ ਹੋਣ ਕਾਰਣ ਇੱਕ ਘੰਟੇ ਲਈ ਦਰਬਾਰ ਸਾਹਿਬ ਦੀ ਡਿਉੜੀ ਅੱਗੇ ਸੇਵਾਦਾਰ ਵਾਲਾ ਚੋਲਾ ਪਾ ਕੇ ਹੱਥ ਵਿੱਚ ਬਰਛਾ ਫੜ੍ਹ ਕੇ ਸੇਵਾ ਨਿਭਾਉਣਗੇ।ਇਸ ਤਰਾਂ ਹੀ ਇਹ ਤਖ਼ਤ ਸ੍ਰੀ ਕੇਸਗੜ ਸਾਹਿਬ, ਦਮਦਮਾ ਸਾਹਿਬ, ਫ਼ਤਿਹਗੜ੍ਹ ਸਾਹਿਬ ਅਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਸੇਵਾ ਕਰਨਗੇ।
ਸਿੰਘ ਸਾਹਿਬਾਨ ਵੱਲੋੰ ‘ਬਾਗੀਆਂ ਅਤੇ ਦਾਗੀਆਂ’ ਨੂੰ ਆਪੋ-ਆਪਣੇ ਵੱਖਰੇ ਚੁੱਲ੍ਹੇ ਸਮੇਟਣ ਦੇ ਆਦੇਸ਼ ਦਿੱਤੇ ਗਏ ਅਤੇ ਅਕਾਲੀ ਦਲ ਦੀ ਮਜ਼ਬੂਤੀ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਤਾਕੀਦ ਕੀਤੀ ਗਈ । ਸਿੰਘ ਸਾਹਿਬਾਨ ਨੇ ਅਕਾਲ ਤਖ਼ਤ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੂੰ ਫੌਰੀ ਤਬਦੀਲ ਕਰਨ ਦੇ ਨਿਰਦੇਸ਼ ਵੀ ਦਿੱਤੇ। ਇਸ ਮੌਕੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਸਿਹਤ ਨਾਸਾਜ਼ ਹੋਣ ਕਾਰਨ ਗੈਰਹਾਜ਼ਰ ਰਹੇ। ਉਨ੍ਹਾਂ ਨੂੰ ਅਗਲੀ ਪੇਸ਼ੀ ਮੌਕੇ ਹਾਜ਼ਰ ਹੋਣ ਲਈ ਕਿਹਾ ਗਿਆ ਹੈ।