ਚੰਡੀਗੜ੍ਹ- ਪੰਜਾਬੀ ਅਦਾਕਾਰਾ ਸੋਨੀਆ ਮਾਨ ਨੇ ‘ਤੱਕੜੀ’ ਫੜ੍ਹਦੀ-ਫੜ੍ਹਦੀ ਨੇ ਆਖ਼ਰ ‘ਝਾੜੂ’ ਫੜ੍ਹ ਲਿਆ ਹੈ ! ਕਾਮਰੇਡ ਬਲਦੇਵ ਸਿੰਘ ਦੀ ਧੀ ਨੇ ਅੱਜ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ‘ਚ ਸ਼ਮੂਲੀਅਤ ਕਰ ਲਈ ਹੈ। ਹਾਲ ਹੀ ਵਿੱਚ ਹੋਈਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਕੋਲੋਂ ਮਾਤ ਖਾ ਚੁੱਕੇ ‘ਆਪ’ ਸੁਪਰੀਮੋ ਨੇ ਸੋਨੀਆ ਮਾਨ ਦੇ ਗਲ ਵਿੱਚ ਪੱਲੂ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ ਹੈ ।ਸੋਨੀਆ ਮਾਨ ਪੰਜਾਬੀ ਫਿਲਮਾਂ ਅਤੇ ਗੀਤਾਂ ਵਿੱਚ ਬਤੌਰ ਅਦਾਕਾਰਾ ਆਪਣੇ ਜਲਵੇ ਦਿਖਾਉਣ ਦੇ ਨਾਲ – ਨਾਲ ਦਿੱਲੀ ਦੀਆਂ ਬਰੂਹਾਂ ‘ਤੇ ਲੱਗੇ ਕਿਸਾਨ ਅੰਦੋਲਨ ਦੌਰਾਨ ਵੀ ਚਰਚਿਤ ਚਿਹਰਾ ਬਣੀ ਰਹੀ । ਉਹ ਕਦੇ ਕਿਸਾਨ ਬੀਬੀਆਂ ਨਾਲ ਤਵੀ ‘ਤੇ ਰੋਟੀਆਂ ਪਕਾਉਂਦੀ, ਕਦੇ ਟਰੈਕਟਰ ਚਲਾਉਂਦੀ ‘ਤੇ ਕਦੇ ਸਟੇਜ ‘ਤੇ ਭਾਸ਼ਣ ਝਾੜਦੀ ਨਜ਼ਰ ਆਉਂਦੀ ਰਹੀ। ਵੱਖ-ਵੱਖ ਮੰਚਾਂ ਤੋਂ ਸੋਨੀਆ ਮਾਨ ਵੱਲੋਂ ਅਕਸਰ ਹੀ ਕਿਹਾ ਜਾਂਦਾ ਰਿਹਾ ਹੈ ਕਿ ਉਹ ਆਪਣੇ ਪਿਤਾ ਸਰਦਾਰ ਬਲਦੇਵ ਸਿੰਘ ਜੋ ਕਿ ਕਿਸਾਨ ਯੂਨੀਅਨ ਦੇ ਆਗੂ ਸਨ ਉਹਨਾਂ ਵਾਂਗ ਹੀ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੀ ਰਹੇਗੀ ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਸੋਨੀਆ ਮਾਨ ਦਾ ਅਕਾਲੀ ਦਲ ਵਿੱਚ ਰਲਣਾ ਤੈਅ ਹੋ ਗਿਆ ਸੀ।ਉਸਦੀ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਵੀ ਮੁਲਾਕਾਤ ਹੋਈ ਦੱਸੀ ਗਈ ਸੀ। ਪਰੰਤੂ ਐਨ ਮੌਕੇ ‘ਤੇ ਆ ਕੇ ਉਸ ਦਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਟਲ ਗਿਆ ਸੀ। ਅਜਿਹਾ ਕਿਸਾਨਾਂ ਦੇ ਵਿਰੋਧ ਕਾਰਨ ਹੋਇਆ ਸੀ। ਨਵੰਬਰ ਮਹੀਨੇ ਜਿਵੇਂ ਹੀ ਸੋਨੀਆ ਮਾਨ ਦੇ ਅਕਾਲੀ ਦਲ ’ਚ ਸ਼ਾਮਲ ਹੋਣ ਦੀ ਖ਼ਬਰ ਨਸ਼ਰ ਹੋਈ ਸੀ ਤਾਂ ਕਿਸਾਨ ਜਥੇਬੰਦੀਆਂ ਦੇ ਆਗੂ ਉਸ ਦੇ ਵਿਰੋਧ ਵਿੱਚ ਖੜ੍ਹੇ ਹੋ ਗਏ ਸਨ ਅਤੇ ਸੋਨੀਆ ਮਾਨ ਨੂੰ ਕਿਸਾਨੀ ਸੰਘਰਸ਼ ਦੌਰਾਨ ਸਟੇਜ ’ਤੇ ਨਾ ਬੋਲਣ ਦੇਣ ਅਤੇ ਪਿੰਡਾਂ ਵਿੱਚ ਸਖ਼ਤ ਵਿਰੋਧ ਕਰਨ ਦੀ ਗੱਲ ਕਹੀ ਸੀ। ਕਿਸਾਨਾਂ ਦੇ ਵਿਰੋਧ ਤੋਂ ਡਰਦਿਆਂ ਸੋਨੀਆ ਨੇ ਉਸ ਵੇਲੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਕਿਨਾਰਾ ਕਰ ਲਿਆ ਸੀ। ਸੋਨੀਆ ਮਾਨ ਨੂੰ ਮੁਹਾਲੀ ਤੋਂ ਟਿਕਟ ਦੀ ਝਾਕ ਸੀ ਪਰੰਤੂ ਉਸੇ ਦਿਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਨੀਆ ਲਈ ਲਿਆਂਦਾ ਸਿਰੋਪਾ ਅਕਾਲੀ ਦਲ ਛੱਡ ਕੇ ‘ਹਾਥੀ’ ‘ਤੇ ਜਾ ਚੜ੍ਹੇ ਗੁਰਮੀਤ ਸਿੰਘ ਬਾਕਰਪੁਰ ਦੇ ਗਲ ਜਾ ਪਾਇਆ ਸੀ।
ਹੁਣ ਜਦੋਂ ਕਿਸਾਨ ਅੰਦੋਲਨ ਵੀ ਪਹਿਲਾਂ ਵਾਂਗ ਆਪਣੇ ਭਰ ਜੋਬਨ ‘ਤੇ ਨਹੀਂ ਰਿਹਾ, ਭਾਜਪਾ ਨੇ ‘ਆਪ’ ਕੋਲੋਂ ਦਿੱਲੀ ਵੀ ਖਿਸਕਾ ਲਈ ਹੈ , ਸਿਆਸੀ ਪੱਖੋਂ ਕੇਜਰੀਵਾਲ ਖੁਦ ਕਮਜ਼ੋਰ ਪੈ ਗਏ ਹਨ ਅਜਿਹੇ ਵਿੱਚ ਸੋਨੀਆ ਮਾਨ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਕੀ ਉਸ ਲਈ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਿਆਸਤ ਵਿੱਚ ਨਵਾਂ ਰਾਹ ਖੋਲ੍ਹੇਗਾ?
Comments