ਸ੍ਰੀ ਅੰਮ੍ਰਿਤਸਰ ਸਾਹਿਬ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੀਤੇ ਦਿਨੀਂ ਬੀਬੀ ਜਗੀਰ ਕੌਰ ਨੂੰ ਬੋਲੇ ਗਏ ਅਪਸ਼ਬਦਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਆਦੇਸ਼ ਅਨੁਸਾਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੋਏ। ਇਸ ਦੌਰਾਨ ਪੰਜ ਪਿਆਰਿਆਂ ਨੇ ਐਡਵੋਕੇਟ ਧਾਮੀ ਨੂੰ ਇੱਕ ਘੰਟਾ ਜੋੜਾ ਘਰ, ਇੱਕ ਘੰਟਾ ਲੰਗਰ ਵਿਖੇ ਬਰਤਨ ਮਾਂਜਣ ਦੀ ਸੇਵਾ ਕਰਨ ਦੇ ਨਾਲ-ਨਾਲ ਪੰਜ ਜਪੁਜੀ ਸਾਹਿਬ ਦੇ ਪਾਠ ਕਰਨ ਉਪਰੰਤ 500 ਰੁਪਏ ਦੀ ਦੇਗ ਕਰਵਾ ਕੇ ਅਰਦਾਸ ਕਰਵਾਉਣ ਦਾ ਆਦੇਸ਼ ਕੀਤਾ ਹੈ। ਇਸੇ ਦੌਰਾਨ ਐਡਵੋਕੇਟ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਮੰਨਦਿਆਂ ਜੋੜਾ ਘਰ, ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਆਪਣੀ ਸੇਵਾ ਸੰਪੂਰਨ ਕੀਤੀ। ਸ਼੍ਰੋਮਣੀ ਕਮੇਟੀ ਪ੍ਰਧਾਨ ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ ਨੂੰ ਬੋਲੇ ਅਪਸ਼ਬਦਾਂ ਲਈ ਮੁਆਫ਼ੀ ਵੀ ਮੰਗ ਚੁੱਕੇ ਹਨ।