ਅੰਮ੍ਰਿਤਸਰ— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਰੱਦ ਕਰ ਦਿੱਤਾ ਹੈ। SGPC ਦੇ ਹੈੱਡਕਵਾਰਟਰ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ, ਐਡਵੋਕੇਟ ਧਾਮੀ ਨੇ ਕਿਹਾ ਕਿ SGPC ਹਮੇਸ਼ਾਂ ਤਖਤਾਂ ਦੇ ਜਥੇਦਾਰਾਂ ਦੀ ਇਜ਼ਤ ਕਰਦੀ ਆਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਸੰਸਕਾਰ ਕਾਇਮ ਰਹੇਗਾ।
ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਦਿੱਤੀਆਂ ਗਈਆਂ ਸੇਵਾਵਾਂ ਸ਼ਲਾਘਾਯੋਗ ਹਨ ਅਤੇ ਕੌਮ ਨੂੰ ਭਵਿੱਖ ਵਿੱਚ ਵੀ ਉਨ੍ਹਾਂ ਦੀ ਸੇਵਾਵਾਂ ਦੀ ਲੋੜ ਹੈ। ਐਡਵੋਕੇਟ ਧਾਮੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸੇਵਾਵਾਂ ਜਾਰੀ ਰੱਖਣ।
SGPC ਪ੍ਰਧਾਨ ਨੇ ਕਿਹਾ ਕਿ ਸਾਡੇ ਲਈ ਇਹ ਸਮਾਂ ਸੰਕਟਮਈ ਹੈ, ਕਿਉਂਕਿ ਵਿਰੋਧੀ ਤਾਕਤਾਂ ਸਿੱਖ ਸੰਸਥਾਵਾਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ। ਇਸ ਸਮੇਂ ਸਾਰਿਆਂ ਨੂੰ ਕੋਈ ਵਿਵਾਦ ਖੜਾ ਕਰਨ ਤੋਂ ਬਚ ਕੇ ਕੌਮ ਦੀ ਭਲਾਈ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰੀ ਸੁਵੇਮਸੇਵਕ ਸੰਘ (RSS), ਭਾਰਤੀ ਜਨਤਾ ਪਾਰਟੀ (BJP) ਅਤੇ ਵਿਰੋਧੀ ਤਾਕਤਾਂ ਸਿੱਖ ਸੰਸਥਾਵਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਜਿਸਦੀ ਮਿਸਾਲ ਹਰਿਆਣਾ ਵਿੱਚ ਵੱਖਰਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਣਾਇਆ ਜਾਣਾ ਹੈ।ਇਨ੍ਹਾਂ ਤਾਕਤਾਂ ਨੇ ਹੁਣ ਪੰਜਾਬ ਵੱਲ ਵੀ ਹੱਥ ਵਧਾ ਲਿਆ ਹੈ, ਜਿਸ ਬਾਰੇ ਕੌਮ ਨੂੰ ਸੋਚਣ ਦੀ ਲੋੜ ਹੈ।
ਧਾਮੀ ਨੇ ਅਖੀਰ ‘ਚ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਪਹਿਲਾਂ ਹੀ ਹੁਕਮ ਜਾਰੀ ਕਰ ਚੁੱਕੇ ਹਨ ਕਿ ਕਿਸੇ ਵੀ ਧਿਰ ਵਲੋਂ ਅਕਾਲੀ ਦਲ ਨਾਲ ਸੰਬੰਧਤ ਮਾਮਲੇ ‘ਤੇ ਇੱਕ ਦੂਜੇ ਖਿਲਾਫ ਕੋਈ ਬਿਆਨਬਾਜ਼ੀ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਸਿੱਖ ਦਾ ਸੁਭਾਅ ਤਾਂ ਪਾਣੀ ਵਾਂਗ ਨਿਰਮਲ ਹੁੰਦਾ ਹੈ, ਸਿੱਖ ਆਗੂਆਂ ਨੂੰ ਇੱਕ ਦੂਜੇ ਦੇ ਖਿਲਾਫ਼ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਤੇ SGPC ਪ੍ਰਧਾਨ ਦੇ ਨਾਲ SGPC ਦੇ ਮੈਂਬਰ ਗੁਰਪਾਲ ਸਿੰਘ ਗੋਰਾ, ਸਕੱਤਰ ਪਰਤਾਪ ਸਿੰਘ, ਬਲਵਿੰਦਰ ਸਿੰਘ ਕਾਹਲਵਾਂ, ਕੁਲਵਿੰਦਰ ਸਿੰਘ ਰਾਮਦਾਸ, ਗੁਰਿੰਦਰ ਸਿੰਘ ਮਠਰਵਾਲ, ਬੀਜੇ ਸਿੰਘ, ਸਹਾਇਕ ਸਕੱਤਰ ਜਸਵਿੰਦਰ ਸਿੰਘ ਜੱਸੀ, ਹਰਭਜਨ ਸਿੰਘ ਵਕਤਾ, ਸੁਪਰਿੰਟੇਡੈਂਟ ਨਿਸ਼ਾਨ ਸਿੰਘ ਅਤੇ ਹੋਰ ਹਸਤੀਆਂ ਵੀ ਮੌਜੂਦ ਸਨ।