ਲੁਧਿਆਣਾ- ਪੰਜਾਬ ਤੋਂ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਲੁਧਿਆਣਾ ਦੇ ਬੁੱਢੇ ਦਰਿਆ ਨੂੰ ਸਾਫ਼ ਕਰਨ ਦੀ ਠਾਣ ਲਈ ਹੈ । ਪੰਜਾਬ ਦੇ ਪੌਣ-ਪਾਣੀਆਂ ਅਤੇ ਵਾਤਾਵਰਣ ਦੀ ਸੰਭਾਲ ਲਈ ਮੁੜ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਸਭ ਦੇ ਸਹਿਯੋਗ ਨਾਲ ਇਹ ਕਾਰਜ ਵੀ ਨੇਪਰੇ ਚਾੜਿਆ ਜਾਵੇਗਾ । ਉਨ੍ਹਾਂ ਦੱਸਿਆ ਕਿ ਅੱਜ ਗੁਰਦੁਆਰਾ ਗਊਘਾਟ ਵਿਖੇ ਮੱਥਾ ਟੇਕਣ ਉਪਰੰਤ ਸੰਗਤਾਂ, ਡੇਅਰੀ ਮਾਲਕਾਂ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਡੇਅਰੀਆਂ ਵਿੱਚੋਂ ਗੋਹਾ ਅਤੇ ਕੂੜਾ ਇਕੱਠਾ ਕਰਨ ਦਾ ਉਪਰਾਲਾ ਸ਼ੁਰੂ ਹੋ ਗਿਆ ਹੈ । ਡੇਅਰੀ ਮਾਲਕਾਂ ਨਾਲ ਹੋਈ ਗੱਲਬਾਤ ਦੌਰਾਨ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹ ਖੁਦ ਵੀ ਇਸ ਪਵਿੱਤਰ ਬੁੱਢੇ ਦਰਿਆ ਵਿੱਚ ਗੋਹਾ ਆਦਿ ਨਹੀ ਸੁੱਟਣਾ ਚਾਹੁੰਦੇ ਹਨ ਪਰ ਪੁਖਤਾ ਪ੍ਰਬੰਧ ਨਾ ਹੋਣ ਕਾਰਣ ਉਹ ਮਜ਼ਬੂਰਨ ਅਜਿਹਾ ਕਰ ਰਹੇ ਸੀ। ਉਪਰੰਤ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪਤਾ ਲੱਗਿਆ ਕਿ ਡਾਇੰਗ ਅਤੇ ਹੋਰ ਉਦਯੋਗਾਂ ਦਾ ਗੰਦਾ ਪਾਣੀ ਟਰੀਟਮੈਂਟ ਪਲਾਂਟ ਵਿੱਚ ਦਾਖਲ ਹੋ ਰਿਹਾ ਹੈ, ਜਿਸਦਾ ਅਧਿਕਾਰੀਆਂ ਨੂੰ ਪਤਾ ਲਗਾਉਣ ਤੇ ਉਸਨੂੰ ਸਖ਼ਤੀ ਨਾਲ ਰੋਕਣ ਦੇ ਨਿਰਦੇਸ਼ ਦਿੱਤੇ ਗਏ। ਬਾਬਾ ਸੀਚੇਵਾਲ ਨੇ ਸੁਆਲ ਚੁੱਕਿਆ ਕਿ ਬੁੱਢੇ ਦਰਿਆ ਨੂੰ ਸਾਫ਼ ਕਰਨ ਲਈ ਆਇਆ ਕਰੋੜਾਂ ਰੁਪਇਆ ਕਿੱਥੇ ਖਰਚ ਹੋਇਆ ਹੈ? ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਬੁੱਢੇ ਦਰਿਆ ਨੂੰ ਮੁੜ ਤੋਂ ਪਹਿਲੇ ਸਰੂਪ ਵਿੱਚ ਲਿਆਉਣ ਲਈ ਚੱਲ ਰਹੀਆਂ ਕੋਸ਼ਿਸ਼ਾਂ ਵਿੱਚ ਸਭ ਦੇ ਸਾਂਝੇ ਸਹਿਯੋਗ ਦੀ ਲੋੜ ਹੈ।