ਨਵੀਂ ਦਿੱਲੀ- 1984 ਦੇ ਸਿੱਖ ਕਤਲੇਆਮ ਨਾਲ ਜੁੜੇ ਇਕ ਮਾਮਲੇ ‘ਚ ਕਾਂਗਰਸ ਦੇ ਸਾਬਕਾ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਮਾਮਲੇ ਵਿਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਸਜ਼ਾ ‘ਤੇ ਬਹਿਸ ਲਈ 18 ਫਰਵਰੀ ਦੀ ਤਰੀਕ ਤੈਅ ਕੀਤੀ ਹੈ। ਸੱਜਣ ਕੁਮਾਰ ਇਸ ਸਮੇਂ ਤਿਹਾੜ ਜੇਲ੍ਹ ਵਿਚ ਬੰਦ ਹੈ। ਉਸ ਨੂੰ ਤਿਹਾੜ ਜੇਲ੍ਹ ਤੋਂ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।
31 ਅਕਤੂਬਰ 1984 ਨੂੰ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਅਤੇ ਕਾਨਪੁਰ ਸਮੇਤ ਭਾਰਤ ਦੇ ਕਈ ਹਿੱਸਿਆਂ ਵਿੱਚ ਹਿੰਸਾ ਭੜਕ ਉੱਠੀ ਸੀ। ਦਿੱਲੀ ਦੇ ਕੁਝ ਕਾਂਗਰਸੀ ਆਗੂਆਂ ਉੱਪਰ ਭੀੜ ਨੂੰ ਸਿੱਖਾਂ ਖਿਲਾਫ਼ ਭੜਕਾਉਣ ਦੇ ਇਲਜ਼ਾਮ ਲੱਗੇ ਸਨ। ਪਹਿਲੀ ਨਵੰਬਰ 1984 ਨੂੰ ਸਰਸਵਤੀ ਵਿਹਾਰ ਇਲਾਕੇ ਵਿਚ ਇਕ ਸਿੱਖ ਪਿਤਾ ਅਤੇ ਉਸ ਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਸੱਜਣ ਕੁਮਾਰ ‘ਤੇ ਭੀੜ ਦੀ ਅਗਵਾਈ ਕਰਨ ਦਾ ਦੋਸ਼ ਲੱਗਾ ਹੈ। ਪੀੜ੍ਹਤਾਂ ਦੇ ਕੇਸ ਦੀ ਪੈਰਵੀ ਕਰਦੇ ਆ ਰਹੇ ਉੱਘੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੇ ਦੱਸਿਆ ਕਿ ਕਤਲ ਕੇਸ ਵਿੱਚ ਘੱਟੋ-ਘੱਟ ਉਮਰ ਕੈਦ ਦੀ ਸਜ਼ਾ ਹੁੰਦੀ ਹੈ, ਦੋਸ਼ੀ ਨੂੰ ਫਾਂਸੀ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਸੱਜਣ ਕੁਮਾਰ ਦੇ ਇਸ਼ਾਰੇ ‘ਤੇ ਭੀੜ ਨੇ 2 ਸਿੱਖਾਂ ਜਸਵੰਤ ਸਿੰਘ ਅਤੇ ਉਸਦੇ ਪੁੱਤਰ ਤਰਨਦੀਪ ਸਿੰਘ ਨੂੰ ਜ਼ਿੰਦਾ ਸਾੜ ਦਿੱਤਾ ਸੀ। ਪੀੜ੍ਹਤ ਦੇ ਘਰ ਲੁੱਟ-ਖੋਹ ਕੀਤੀ ਗਈ ਅਤੇ ਘਰ ਵਿਚ ਮੌਜੂਦ ਦੂਜੇ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਸੀ।ਇਸ ਤੋਂ ਬਾਅਦ ਘਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਸੀ। ਹੁਣ ਅਦਾਲਤ ਵੱਲੋਂ ਸੱਜਣ ਕੁਮਾਰ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਪੀੜ੍ਹਤ ਲੋਕਾਂ ਦਾ ਕਹਿਣਾ ਹੈ ਕਿ 41 ਸਾਲ ਬਾਅਦ ਜ਼ਖ਼ਮਾਂ ‘ਤੇ ਮਲ੍ਹਮ ਲੱਗੀ ਹੈ।
ਦਿੱਲੀ ਵਿੱਚ ਭਾਜਪਾ ਦੇ ਵਿਧਾਇਕ ਅਤੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, “ਇੱਕ ਉਹ ਦਿਨ ਸੀ ਜਦੋਂ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਲੋਕ ਕਹਿੰਦੇ ਸਨ ਕਿ ਹਵਾਵਾਂ ਵੀ ਸਾਥੋਂ ਪੁੱਛਕੇ ਚੱਲਦੀਆਂ ਨੇ।
ਅਤੇ ਇੱਕ ਅੱਜ ਦਾ ਦਿਨ ਹੈ, ਜਦੋਂ ਸੱਜਣ ਕੁਮਾਰ ਨੂੰ ਸਿੱਖ ਨਸਲਕੁਸ਼ੀ ਦੇ ਤੀਜੇ ਮਾਮਲੇ ਵਿੱਚ ਕੋਰਟ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ।
ਮੈਂ ਇੱਕ ਵਾਰ ਫਿਰ ਸਿੱਖ ਭਾਈਚਾਰੇ ਦੀ ਨਿਆਂ ਦੀ ਲੜਾਈ ਵਿੱਚ ਉਨ੍ਹਾਂ ਦਾ ਸਾਥ ਦੇਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।”
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ 1984 ਦੀ ਸਿੱਖ ਨਸਲਕੁਸ਼ੀ ਦੇ ਮੁੱਖ ਦੋਸ਼ੀਆਂ ਵਿੱਚੋਂ ਇੱਕ, ਸੱਜਨ ਕੁਮਾਰ ਨੂੰ ਮਿਲਣ ਜਾ ਰਹੀ ਸਜ਼ਾ ਵਾਸਤੇ ਅਸੀਂ ਨਿਆਂ ਪਾਲਿਕਾ ਦਾ ਧੰਨਵਾਦ ਕਰਦੇ ਹਾਂ। ਭਾਵੇਂ ਕਿ ਇਹ ਇਨਸਾਫ਼ ਦੀ ਕਿਰਨ ਬਹੁਤ ਦੇਰ ਬਾਅਦ ਦਿਖਾਈ ਦਿੱਤੀ ਹੈ ਪਰ ਫ਼ਿਰ ਵੀ, ਇਸ ਨਾਲ਼ ਪੀੜਤਾਂ ਅਤੇ ਪੂਰੀ ਸਿੱਖ ਕੌਮ ਦੀ ਪੀੜ ਕੁਝ ਘਟੇਗੀ ਅਤੇ ਉਮੀਦ ਹੈ ਕਿ ਸੱਜਨ ਕੁਮਾਰ ਸਮੇਤ ਹੋਰਨਾਂ ਦੋਸ਼ੀਆਂ ਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾਵਾਂ ਛੇਤੀ ਮਿਲਣਗੀਆਂ।
Comments