ਚੰਡੀਗੜ੍ਹ – ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਪੂੰਜੀ ਨਿਵੇਸ਼ ਪ੍ਰੋਤਸਾਹਨ, ਉਦਯੋਗ ਤੇ ਕਾਮਰਸ ਕਿਰਤ, ਪ੍ਰਾਹੁਣਚਾਰੀ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਨੂੰ ਕੂੜਾ ਮੁਕਤ ਕਰਨ ਦੇ ਪਾਇਲਟ ਪ੍ਰੋਜੈਕਟ ਦੀ ਖੰਨਾ ਸ਼ਹਿਰ ਤੋਂ ਸ਼ੁਰੂਆਤ ਕੀਤੀ ਹੈ। ਖੰਨਾ ਵਿਖੇ ਉਨ੍ਹਾਂ ਡੋਰ ਟੂ ਡੋਰ ਕੁਲੈਕਸ਼ਨ ਅਤੇ ਸੇਗਰੀਗੇਸ਼ਨ ਪਲਾਂਟ ਦਾ ਉਦਘਾਟਨ ਕੀਤਾ।
ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ ‘ਤੇ 4 ਕਰੋੜ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੀ ਸ਼ੁਰੂਆਤ ਇਕ ਸਾਲ ਲਈ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਕੂੜਾ ਮੁਕਤ ਕਰਨ ਲਈ ਯਤਨਸ਼ੀਲ ਹੈ ਅਤੇ ਇਸ ਮਕਸਦ ਦੀ ਪੂਰਤੀ ਲਈ ਪੰਜਾਬ ਦਾ ਪਹਿਲਾ ਪਾਇਲਟ ਪ੍ਰੋਜੈਕਟ ਖੰਨਾ ਸ਼ਹਿਰ ਤੋਂ ਸ਼ੁਰੂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਖੰਨਾ ਸ਼ਹਿਰ ਦੇ ਕਿਸੇ ਵੀ ਹੋਰ ਪੁਆਇੰਟ ‘ਤੇ ਕੂੜਾ ਨਹੀਂ ਸੁੱਟਿਆ ਜਾਵੇਗਾ। ਤਰੁਨਪ੍ਰੀਤ ਸਿੰਘ ਸੌਂਦ ਨੇ ਅੱਗੇ ਦੱਸਿਆ ਕਿ ਸ਼ਹਿਰ ਵਾਸੀ ਯੂਜ਼ਰ ਚਾਰਜੀਜ਼ ਨੂੰ ਆਨ ਲਾਈਨ ਅਤੇ ਆਫ ਲਾਈਨ ਦੋਹਾਂ ਤਰੀਕਿਆਂ ਨਾਲ ਅਦਾ ਕਰ ਸਕਦੇ ਹਨ। ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਇੱਕ ਸ਼ਿਕਾਇਤ ਸੈਲ ਵੀ ਸਥਾਪਿਤ ਕੀਤਾ ਗਿਆ ਹੈ ਜਿਸ ਦਾ ਟੋਲ ਫਰੀ ਨੰਬਰ 1800-121-5721 ਹੈ।