ਚੰਡੀਗੜ੍ਹ- ਪੰਜਾਬ ਮੰਤਰੀ ਮੰਡਲ ਨੇ ਅੱਜ ਅਹਿਮ ਫ਼ੈਸਲਾ ਲੈੰਦਿਆ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਇਜਲਾਸ ਬੁਲਾਉਣ ਦਾ ਐਲਾਨ ਕੀਤਾ ਹੈ ।ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਕੈਬਨਿਟ ਬੈਠਕ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਕੁਝ ਬਕਾਇਆ ਬਿੱਲਾਂ ਤੇ ਵਿਧਾਨਕ ਕਾਰੋਬਾਰ’ ਲਈ ਪੰਜਾਬ ਅਸੈਂਬਲੀ ਦਾ ਵਿਸ਼ੇਸ਼ ਇਜਲਾਸ 24 ਤੇ 25 ਫਰਵਰੀ ਨੂੰ ਸੱਦਿਆ ਜਾਵੇਗਾ।
ਕੈਬਨਿਟ ਨੇ ਸਿਹਤ ਵਿਭਾਗ ਵਿੱਚ ਨਵੀਆਂ ਨਿਯੁਕਤੀਆਂ ਕਰਨ ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ । ਖ਼ਜ਼ਾਨਾ ਮੰਤਰੀ ਚੀਮਾ ਨੇ ਕਿਹਾ ਕਿ ਖੇਡ ਵਿਭਾਗ ਵਿੱਚ 13 ਨਵੇਂ ਡਾਕਟਰਾਂ ਸਮੇਤ ਸਿਹਤ ਮਹਿਕਮੇ ਵਿੱਚ ਕੁੱਲ 800 ਪੋਸਟਾਂ ਭਰੀਆਂ ਜਾਣਗੀਆਂ । ਇਸ ਤੋਂ ਇਲਾਵਾ ਪੰਜਾਬ ਦੇ ਸਿੱਖਿਆ ਵਿਭਾਗ ਵਿੱਚ ਪੀ.ਟੀ. ਅਧਿਆਪਕਾਂ ਦੀ ਭਰਤੀ ਵੀ ਕੀਤੀ ਜਾਵੇਗੀ। ਸਿਹਤ ਖੇਤਰ ‘ਚ ਸੇਵਾਵਾਂ ਨਿਭਾ ਰਹੇ ਕਰਮਚਾਰੀ ਅਤੇ ਪਿੰਡਾਂ ‘ਚ ਚੌਕੀਦਾਰਾਂ ਦੀਆਂ ਤਨਖਾਹਾਂ ‘ਚ ਵਾਧੇ ਨੂੰ ਵੀ ਕੈਬਨਿਟ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ।ਪੰਜਾਬ ਦੇ ਪਿੰਡਾਂ ਦੇ ਚੌਕੀਦਾਰਾਂ ਦਾ ਮਿਹਨਤਾਨਾ 1250 ਰੁਪਏ ਤੋਂ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ।
ਪੰਜਾਬ ਮੰਤਰੀ ਮੰਡਲ ਨੇ ਕੁੱਲ 3000 ਨਵੀਆਂ ਨਿਯੁਕਤੀਆਂ ਕਰਨ ਨੂੰ ਮਨਜ਼ੂਰੀ ਦਿੱਤੀ ਹੈ । ਵਾਅਦੇ ਮੁਤਾਬਿਕ ਪੰਜਾਬ ਪੁਲਿਸ ਵਿਭਾਗ ‘ਚ ਕੁੱਲ 1746 ਨਵੀਆਂ ਆਸਾਮੀਆਂ ਕੱਢੀਆਂ ਗਈਆਂ ਨੇ। 21 ਫ਼ਰਵਰੀ ਤੋਂ 13 ਮਾਰਚ ਤੱਕ ਨੌਜਵਾਨ ਅਪਲਾਈ ਕਰ ਸਕਦੇ ਨੇ। ਜ਼ਿਲ੍ਹਾ ਕਾਡਰ ‘ਚ 1261 ਅਤੇ ਹਥਿਆਰਬੰਦ ਕਾਡਰ ‘ਚ 485 ਆਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦਾ ਮਕਸਦ ਰੰਗਲਾ ਪੰਜਾਬ ਬਣਾਉਣਾ ਹੈ ।ਜਿਸ ਵਿੱਚ ਨੌਜਵਾਨਾਂ ਦੀ ਭੂਮਿਕਾ ਸਭ ਤੋਂ ਅਹਿਮ ਹੈ ਤੇ ਇਹ ਸੁਪਨਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਨਾਲ ਹੀ ਪੂਰਾ ਹੋ ਸਕਦਾ ਹੈ। ਆਉਣ ਵਾਲੇ ਦਿਨਾਂ ‘ਚ ਹੋਰ ਵੀ ਸਰਕਾਰੀ ਨੌਕਰੀਆਂ ਨੌਜਵਾਨਾਂ ਦੀ ਉਡੀਕ ਕਰ ਰਹੀਆਂ ਨੇ। ਵੇਰਵੇ ਜਲਦ ਸਾਂਝੇ ਕਰਾਂਗੇ।
Comments