ਸ਼ਹੀਦ ਭਗਤ ਸਿੰਘ ਨਗਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਵਿਖੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨਾਲ 5.68 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ ਕੀਤਾ। ਅੱਜ ਪੂਰੇ ਪੰਜਾਬ ‘ਚ ਇਸ ਤਰ੍ਹਾਂ ਦੇ ਲਗਭਗ 350 ਹੋਰ ਸ਼ਾਨਦਾਰ ਸਰਕਾਰੀ ਸਕੂਲ ਬੱਚਿਆਂ ਨੂੰ ਸਮਰਪਿਤ ਕੀਤੇ ਗਏ। ਜਿਸ ਵਿੱਚ ਬੱਚਿਆਂ ਨੂੰ ਚੰਗੀ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ।
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਸੂਬੇ ਭਰ ਵਿੱਚ ਅਜਿਹੇ ਸਕੂਲਾਂ ਦੇ ਨਵੇਂ ਨੀਂਹ ਪੱਥਰ ਰੱਖਣ ਅਤੇ ਪਹਿਲਾਂ ਤੋਂ ਤਿਆਰ ਸਕੂਲਾਂ ਦੇ ਉਦਘਾਟਨ ਕਰਨ ਵਿੱਚ ਹਨੇਰੀ ਲਿਆ ਦਿੱਤੀ ਗਈ ਹੈ। ਪਾਰਟੀ ਅਗੂਆਂ ਦਾ ਕਹਿਣਾ ਹੈ ਕਿ ਬੇਹੱਦ ਸ਼ਾਨਦਾਰ ਇਹ ਸਕੂਲ ਸਿੱਖਿਆ ਦੇ ਨਾਲ-ਨਾਲ ਸਹੂਲਤਾਂ ‘ਚ ਵੀ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਣਗੇ। ਸੂਬੇ ਦੇ ਵਿਦਿਆਰਥੀਆਂ ਨੂੰ ਕੁਆਲਿਟੀ ਸਿੱਖਿਆ ਦੇਣ ਲਈ ਸਾਡੀ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ। ਜਲਦ ਹੀ ਸਿੱਖਿਆ ਦੇ ਖੇਤਰ ‘ਚ ਪੰਜਾਬ ਇੱਕ ਮੋਹਰੀ ਸੂਬਾ ਬਣੇਗਾ।
ਸ਼ਹੀਦ ਭਗਤ ਸਿੰਘ ਨਗਰ ਵਿਖੇ ‘ਪੜ੍ਹਦਾ ਪੰਜਾਬ, ਬਦਲਦਾ ਪੰਜਾਬ’ ਮੁਹਿੰਮ ਤਹਿਤ ‘ਸਕੂਲ ਆਫ ਐਮੀਨੈੱਸ’ ਦਾ ਉਦਘਾਟਨ ਕਰਨ ਮਗਰੋਂ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ,”ਪੰਜਾਬ ਆਏ ਦਿਨ ਸਿੱਖਿਆ ਕ੍ਰਾਂਤੀ ਦੀਆਂ ਨਵੀਆਂ ਉਚਾਈਆਂ ‘ਤੇ ਜਾ ਰਿਹਾ ਹੈ। ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਉਨ੍ਹਾਂ ਨੂੰ ਨਵੀਆਂ ਅਤਿ-ਆਧੁਨਿਕ ਤਕਨੀਕਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਅੱਜ ਮਾਪੇ ਮਾਣ ਨਾਲ ਦੱਸਦੇ ਹਨ ਕਿ ਉਨ੍ਹਾਂ ਦਾ ਬੱਚਾ ਸਰਕਾਰੀ ਸਕੂਲ ‘ਚ ਪੜ੍ਹਦਾ ਹੈ। ਇਸ ਦੇ ਨਾਲ ਹੀ ਅਧਿਆਪਕਾਂ ਨੂੰ ਵਿਦੇਸ਼ਾਂ ਤੋਂ ਉੱਚ-ਪੱਧਰੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ।ਰੰਗਲੇ ਪੰਜਾਬ ਦਾ ਜੋ ਸੁਪਨਾ ਅਸੀਂ ਦੇਖਿਆ ਸੀ ਉਸਨੂੰ ਪੂਰਾ ਕਰਨ ਲਈ ਹਰ ਕਦਮ ਚੁੱਕੇ ਜਾ ਰਹੇ ਹਨ।”
ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਪਹਿਲਾਂ ਸਰਕਾਰੀ ਸਕੂਲਾਂ ‘ਚ ਬੱਚਿਆਂ ਨੂੰ ਸਿਰਫ਼ ਦਲੀਆ ਖਵਾ ਕੇ ਮੋੜ ਦਿੱਤਾ ਜਾਂਦਾ ਸੀ, ਪਰ ਹੁਣ ਅਸੀਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੇ ਹਾਂ। ਇਹਨਾਂ ਸਕੂਲਾਂ ‘ਚ ਦਿੱਤੀ ਜਾ ਰਹੀ ਉੱਚ ਸਿੱਖਿਆ ਦੇ ਨਾਲ-ਨਾਲ ਸਹੂਲਤਾਂ ਵੀ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਉਣਗੀਆਂ।
ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਨੇ ਸਰਕਾਰੀ ਸਕੂਲਾਂ ਦੀ ਸਿੱਖਿਆ ਨੀਤੀ ਨੂੰ ਅਣਗੌਲਿਆ ਕਰਕੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ। ਹੁਣ ਪੰਜਾਬ ‘ਚ ਸਰਕਾਰੀ ਸਕੂਲਾਂ ਦੇ 8ਵੀਂ ਜਮਾਤ ਦੇ ਚੰਗੇ ਨਤੀਜੇ ਆਏ ਨੇ। ਸਿੱਖਿਆ ਖੇਤਰ ‘ਚ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣਾ ਸਾਡਾ ਮੁੱਖ ਮਕਸਦ ਹੈ।
Prof Pritam Singh says
It is good if this is not merely publicity stunt and is genuinely aimed at improving the quality of government schools and defeating privatisation