ਚੰਡੀਗੜ੍ਹ- ਪੰਜਾਬ ਸਰਕਾਰ ਨੇ ਝੋਨੇ ਦੀ ਪਰਾਲੀ ਸਾਂਭਣ ਲਈ ਵੱਡਾ ਐਲਾਨ ਕੀਤਾ ਹੈ। ਸੂਬਾ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੇ ਨਿਬੇੜੇ ਦੇ ਲਈ ਕਿਸਾਨਾਂ ਲਈ ‘ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਕਰਜ਼ਾ ਯੋਜਨਾ’ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਮਸ਼ੀਨਾਂ ਦੀ ਖਰੀਦ ਲਈ ਸਬਸਿਡੀ ਅਤੇ ਕਰਜ਼ਾ ਦਿੱਤਾ ਜਾਵੇਗਾ। ਇਹ ਕਰਜ਼ਾ ਪੰਜ ਸਾਲਾਂ ਵਿੱਚ ਵਾਪਸ ਕਰਨਾ ਪਏਗਾ। ਕਰਜ਼ੇ ਦੀਆਂ 10 ਆਸਾਨ ਕਿਸ਼ਤਾਂ ਹੋਣਗੀਆਂ। ਕਰਜ਼ੇ ਦੀ ਕਿਸ਼ਤ ਹਰ ਸਾਲ ਹਾੜੀ-ਸੌਣੀ ਕਿਸਾਨਾਂ ਕੋਲੋਂ ਵਸੂਲ ਕੀਤੀ ਜਾਇਆ ਕਰੇਗੀ। ਕਰਜ਼ੇ ਦੀ ਕਿਸ਼ਤ ਤਾਰਨ ਲਈ 30 ਜੂਨ ਅਤੇ 31 ਜਨਵਰੀ ਦੀ ਤਾਰੀਖ਼ ਤੈਅ ਕੀਤੀ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਰਾਲ਼ੀ ਸਾੜਨ ਕਾਰਨ ਹੁੰਦੇ ਪ੍ਰਦੂਸ਼ਣ ਨੂੰ ਰੋਕਣ ਲਈ ਸਾਡੀ ਸਰਕਾਰ ਵਚਨਬੱਧ ਹੈ, ਪਰਾਲ਼ੀ ਦੇ ਨਿਬੇੜੇ ਲਈ ਕਿਸਾਨਾਂ ਨੂੰ 50 ਤੋਂ 80 ਫੀਸਦੀ ਤੱਕ ਸਬਸਿਡੀ ‘ਤੇ ਮਸ਼ੀਨਰੀ ਦੇਣ ਲਈ ਸਹਿਕਾਰੀ ਬੈਂਕਾਂ ਵੱਲੋਂ ਪੰਜਾਬ ਭਰ ਵਿੱਚ ‘ਫ਼ਸਲੀ ਰਹਿੰਦ-ਖੂੰਹਦ ਪ੍ਰਬੰਧਨ ਕਰਜ਼ਾ ਯੋਜਨਾ’ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਇਸ ਲਾਹੇਵੰਦ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਬੇਨਤੀ ਕੀਤੀ ਹੈ।
ਆਮ ਆਦਮੀ ਪਾਰਟੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਹ ਯੋਜਨਾ ਪੰਜਾਬ ਦੇ ਕਿਸਾਨ ਵੀਰਾਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ।ਪਾਰਟੀ ਨੇ ਨਾਹਰਾ ਦਿੱਤਾ ਹੈ, “ਪਰਾਲੀ ਨੂੰ ਅੱਗ ਨਹੀਂ ਲਾਵਾਂਗੇ, ਵਾਤਾਵਰਨ ਬਚਾਵਾਂਗੇ!”