ਲਾਸ ਏਂਜਲਸ, ਕੈਲੇਫੋਰਨੀਆ- ਲਾਸ ਏਂਜਲਸ ਤੋਂ ਤਕਰੀਬਨ 40 ਕਿਲੋਮੀਟਰ ਦੂਰ ਫੁਲਰਟਨ ਕਸਬੇ ਵਿੱਚ ਇੱਕ ਛੋਟਾ ਜਹਾਜ਼ ਕਰੈਸ਼ ਹੋ ਗਿਆ ਹੈ । ਪੁਲਿਸ ਅਧਿਕਾਰੀਆਂ ਮੁਤਾਬਕ ਵੀਰਵਾਰ ਨੂੰ ਦੱਖਣੀ ਕੈਲੀਫੋਰਨੀਆ ਵਿੱਚ ਫਰਨੀਚਰ ਬਣਾਉਣ ਵਾਲੀ ਇੱਕ ਵਿਸ਼ਾਲ ਇਮਾਰਤ ਦੀ ਛੱਤ ਨਾਲ ਟਕਰਾਉਣ ਤੋਂ ਬਾਅਦ ਜਹਾਜ਼ ਹਾਦਸਾਗ੍ਰਸਤ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 18 ਜ਼ਖਮੀ ਹੋ ਗਏ। ਫਰਨੀਚਰ ਸਟੋਰ ‘ਤੇ ਘੱਟੋ-ਘੱਟ 200 ਲੋਕ ਕੰਮ ਕਰ ਰਹੇ ਸਨ।
ਫੁਲਰਟਨ ਪੁਲਿਸ ਦੇ ਬੁਲਾਰੇ ਕ੍ਰਿਸਟੀ ਵੇਲਜ਼ ਨੇ ਕਿਹਾ ਕਿ ਮਰਨ ਵਾਲੇ ਲੋਕਾਂ ਦੀ ਪਛਾਣ, ਅਤੇ ਕੀ ਉਹ ਜਹਾਜ਼ ਵਿਚ ਸਨ ਜਾਂ ਜ਼ਮੀਨ ‘ਤੇ, ਅਜੇ ਪਤਾ ਨਹੀਂ ਲੱਗ ਸਕਿਆ ਹੈ।
ਫਲਾਈਟ-ਟਰੈਕਿੰਗ ਵੈੱਬਸਾਈਟ FlightAware ਦੇ ਅਨੁਸਾਰ, ਡਿਜ਼ਨੀਲੈਂਡ ਤੋਂ ਸਿਰਫ਼ ਛੇ ਮੀਲ (10 ਕਿਲੋਮੀਟਰ) ਦੀ ਦੂਰੀ ‘ਤੇ ਸਥਿਤ, ਔਰੇਂਜ ਕਾਉਂਟੀ ਦੇ ਫੁਲਰਟਨ ਮਿਉਂਸਪਲ ਏਅਰਪੋਰਟ ਤੋਂ ਉਡਾਣ ਭਰਨ ਤੋਂ ਦੋ ਮਿੰਟ ਤੋਂ ਵੀ ਘੱਟ ਸਮੇਂ ਬਾਅਦ ਜਹਾਜ਼ ਕਰੈਸ਼ ਹੋ ਗਿਆ। ਜਹਾਜ਼ ਦੇ ਇਮਾਰਤ ਨਾਲ ਟਕਰਾਉਣ ਤੋਂ ਬਾਅਦ ਇੱਕ ਭਿਆਨਕ ਧਮਾਕਾ ਹੋਇਆ ਅਤੇ ਧੂੰਏਂ ਦੇ ਕਾਲੇ ਬੱਦਲ ਉੱਠੇ। ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਫੌਰੀ ਬਾਅਦ ਪੁਲਸ,ਐਂਬੂਲੈਸ਼,ਅੱਗ ਬੁਝਾਊ ਦਸਤੇ ਅਤੇ ਬਚਾਅ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਹਨ। ਹਾਦਸਾ ਵਾਪਰਨ ਮਗਰੋਂ ਬਿਲਡਿੰਗ ਨੂੰ ਖਾਲੀ ਕਰਵਾ ਲਿਆ ਗਿਆ ਹੈ। ਹਾਦਸਾ ਵਾਪਰਨ ਦੇ ਕਾਰਨ ਦਾ ਫਿਲਹਾਲ ਪਤਾ ਨਹੀਂ ਲੱਗ ਸਕਿਆ ।