ਸ੍ਰੀ ਅੰਮ੍ਰਿਤਸਰ ਸਾਹਿਬ- ਅਮਰੀਕਾ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਦਾਖਲ ਹੋਏ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ।ਅਮਰੀਕਾ ਤੋਂ ਡਿਪੋਰਟ ਕੀਤੇ ਜਾ ਰਹੇ ਪ੍ਰਵਾਸੀਆਂ ਵਿੱਚ ਭਾਰਤੀ ਵੀ ਸ਼ਾਮਲ ਹਨ । ਟਰੰਪ ਦੇ ਦੂਜੀ ਵਾਰ ਸੱਤਾ ਸੰਭਾਲਣ ਤੋਂ ਬਾਅਦ ਭਾਰਤੀਆਂ ਦਾ ਇਹ ਪਹਿਲਾ ਦੇਸ਼ ਨਿਕਾਲਾ ਹੈ।104 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕਰਕੇ ਭਾਰਤ ਭੇਜਿਆ ਗਿਆ ਹੈ । ਇਹਨਾਂ ਵਿੱਚੋ ਕੁਝ ਤਾਂ ਥੋੜ੍ਹੇ ਦਿਨ ਪਹਿਲਾਂ ਹੀ ਅਮਰੀਕਾ ਵੜੇ ਸਨ। ਕੁਝ ਨੂੰ ਤਾਂ ਮੈਕਸੀਕੋ ਦੀ ਸਰਹੱਦ ਤੋਂ ਅਮਰੀਕਾ ਦਾਖ਼ਲ ਹੋਣ ਮੌਕੇ ਹੀ ਨੂੜ ਲਿਆ ਗਿਆ ਸੀ। ਅਮਰੀਕਾ ਦੇ ਫ਼ੌਜੀ ਜਹਾਜ਼ ਰਾਹੀਂ ਰਾਜਾਸਾਂਸੀ, ਅੰਮ੍ਰਿਤਸਰ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ੳੱਤਰੇ ਇਹਨਾਂ ਪ੍ਰਵਾਸੀਆਂ ਦੇ ਚਿਹਰੇ ਵੀ ਉੱਤਰੇ ਹੋਏ ਸਨ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ ਏਅਰਪੋਰਟ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦਿਆਂ NRI ਮਾਮਲਿਆਂ ਬਾਰੇ ਮੰਤਰੀ ਧਾਲੀਵਾਲ ਨੇ ਕਿਹਾ ਕਿ ਇਹ ਇੰਟਰਨੈਸ਼ਨਲ ਮੁੱਦੇ ਹਨ, ਡਿਪੋਰਟੇਸ਼ਨ ਦੀ ਤਲਵਾਰ ਕਈਆਂ ʼਤੇ ਲਟਕ ਰਹੀ ਹੈ। ਮੇਰੀ ਹੁਣ ਤੱਕ ਜਿਨ੍ਹਾਂ ਵੀ ਏਜੰਟਾਂ ਨਾਲ ਫੋਨ ʼਤੇ ਗੱਲ ਹੋਈ ਹੈ ਉਹ ਦੁਬਈ ਦੇ ਏਜੰਟ ਹਨ। ਕਈਆਂ ਕੋਲ ਤਾਂ ਕੈਨੇਡਾ ਦਾ ਵੀਜ਼ਾ ਵੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਦੀ ਬਾਂਹ ਫੜੇਗੀ।
ਮੰਤਰੀ ਧਾਲੀਵਾਲ ਨੇ ਕਿਹਾ , “ਮੇਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਹੈ ਕਿ ਉਹ ਰਾਸ਼ਟਰਪਤੀ ਟਰੰਪ ਨਾਲ ਬੈਠ ਕੇ ਇਸ ਸਮੱਸਿਆ ਦਾ ਹੱਲ ਕੱਢਣ। ਮੋਦੀ ਜੀ ਕਹਿੰਦੇ ਹਨ ਕਿ ਟਰੰਪ ਉਨ੍ਹਾਂ ਦੇ ਦੋਸਤ ਹਨ, ਉਹ ਇਸ ਬਾਰੇ ਟਰੰਪ ਨਾਲ ਗੱਲ ਕਰਨ।”
ਅਮਰੀਕਾ ਦੇ ਫੌਜੀ ਜਹਾਜ਼ ਰਾਂਹੀ ਅੰਮ੍ਰਿਤਸਰ ਭੇਜੇ ਗਏ ਇਨ੍ਹਾਂ ਪ੍ਰਵਾਸੀਆਂ ਵਿੱਚ ਪੰਜਾਬ ਦੇ 30 , ਗੁਜਰਾਤ ਅਤੇ ਹਰਿਆਣਾ ਦੇ 33-33 ਅਤੇ 3-3 ਯੂ.ਪੀ. ਅਤੇ ਮਹਾਂਰਸ਼ਟਰ ਅਤੇ 2 ਚੰਡੀਗੜ੍ਹ ਦੇ ਰਹਿਣ ਵਾਲੇ ਦੱਸੇ ਗਏ ਹਨ। ਇਨ੍ਹਾਂ ਵਿੱਚ ਕੁਝ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।
ਜ਼ਹਾਜ਼ ਨੂੰ ਅੰਮ੍ਰਿਤਸਰ ਏਅਰਪੋਰਟ ‘ਤੇ ਉਤਾਰੇ ਜਾਣ ਬਾਰੇ ਬੋਲਦਿਆਂ ਜਲੰਧਰ ਛਾਉਣੀ ਤੋਂ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਕਿਹਾ ਕਿ ਪੰਜਾਬ, ਜਦੋਂ ਅੰਤਰਰਾਸ਼ਟਰੀ ਉਡਾਣਾਂ ਦੀ ਮੰਗ ਕਰਦਾ ਹੈ, ਤਾਂ ਇਸ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤਾਂ ਕਿ ਪੰਜਾਬ ਨੂੰ ਆਰਥਿਕ ਫਾਇਦਿਆਂ ਤੋਂ ਵਾਂਝੇ ਰੱਖਿਆ ਜਾ ਸਕੇ। ਪਰ ਜਦੋਂ ਬਦਨਾਮੀ ਦੀ ਗੱਲ ਆਉਂਦੀ ਹੈ, ਤਾਂ ਅੱਜ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਦਾ ਫੌਜੀ ਜਹਾਜ਼, ਪੰਜਾਬ ਵਿੱਚ ਉਤਾਰਿਆ ਜਾਂਦਾ ਹੈ – ਜਦਕਿ ਇਸ ਜਹਾਜ਼ ਵਿੱਚ ਸਭ ਤੋਂ ਵੱਧ ਗੁਜਰਾਤੀ ਅਤੇ ਹਰਿਆਣਵੀ ਸਨ।
ਇਸੇ ਦੌਰਾਨ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਪੋਸਟ ਕਰਦਿਆਂ ਕਿਹਾ, “ਅਮਰੀਕਾ ਵੱਲੋਂ ਪੰਜਾਬੀਆਂ ਨੂੰ ਡਿਪੋਰਟ ਕੀਤਾ ਜਾਣਾ ਭਗਵੰਤ ਮਾਨ ਦੇ ਰੰਗਲਾ ਪੰਜਾਬ ਦੇ ਸਾਰੇ ਦਾਅਵਿਆਂ ਨੂੰ ਰੱਦ ਕਰਦਾ ਹੈ। ਇਹ ਬਹੁਤ ਹੀ ਮਾੜੀ ਗੱਲ ਹੈ ਕਿ ਕੋਈ ਵੀ ਮੰਤਰੀ ਜਾਂ ਸੀਨੀਅਰ ਅਧਿਕਾਰੀ (ਸਿਵਾਏ ਮੰਤਰੀ ਧਾਲੀਵਾਲ) ਇਨ੍ਹਾਂ ਦੁਖੀ ਨੌਜਵਾਨਾਂ ਨੂੰ ਰਿਸੀਵ ਕਰਨ ਲਈ ਹਾਜ਼ਰ ਨਹੀਂ ਸੀ”
ਬਿਨਾਂ ਦਸਤਾਵੇਜ਼ਾਂ ਤੋਂ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਦੀ ਗਿਣਤੀ 7 ਲੱਖ ਦੇ ਕਰੀਬ ਦੱਸੀ ਜਾਂਦੀ ਹੈਂ । ਅਗਲੇ ਦਿਨੀ ਹੋਰ ਭਾਰਤੀਆਂ ਨੂੰ ਵੀ ਇਸ ਤਰ੍ਹਾਂ ਜਹਾਜ਼ ਰਾਹੀਂ ਵਾਪਸ ਭੇਜਿਆ ਜਾ ਸਕਦਾ ਹੈ।
ਪ੍ਰਵਾਸੀ ਭਾਰਤੀਆਂ ਦੀ ਇਹ ਘਰ ਵਾਪਸੀ ਉਸ ਸਮੇਂ ਹੋਈ ਹੈ ਜਦੋਂ ਅਗਲੇ ਹਫ਼ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਅਮਰੀਕਾ ਦੌਰੇ ‘ਤੇ ਜਾ ਰਹੇ ਹਨ।
Comments