ਨਿਊਯਾਰਕ – (ਗੁਰਬਾਜ ਸਿੰਘ ਬਰਾੜ) ਅਮਰੀਕਾ ਦੇ ਮਹਾਂਨਗਰ ਨਿਊਯਾਰਕ ਵਿਖੇ ਵਰਲਡ ਕਬੱਡੀ ਕੱਪ ਮੌਕੇ ਪੰਜਾਬੀਆਂ ਨੇ ਡਾਲਰਾਂ ਦਾ ਮੀਂਹ ਵਰ੍ਹਾ ਦਿੱਤਾ। ਫਾਈਨਲ ਮੈਚ ਦੋਆਬਾ ਵਾਰੀਅਰਜ਼ ਅਤੇ ਸਰਹਾਲਾ ਰਾਣੂੰਆਂ ਦੀਆਂ ਟੀਮਾਂ ਦੇ ਦਰਮਿਆਨ ਹੋਇਆ। ਮਾਂ ਖੇਡ ਕਬੱਡੀ ਦੇਖਣ ਲਈ ਪਹੁੰਚੇ ਸੈਂਕੜੇ ਦਰਸ਼ਕਾਂ ਦਾ ਉਤਸ਼ਾਹ ਉਸ ਵੇਲੇ ਹੋਰ ਵੀ ਠਾਠਾਂ ਮਾਰਨ ਲੱਗ ਪਿਆ ਜਦੋਂ ਸਟੇਜ ਤੋਂ ਜਾਫੀਆਂ ਲਈ ਪੰਜ-ਪੰਜ ਸੌ ਤੋਂ ਲੈ ਕੇ ਇੱਕੀ-ਇੱਕੀ ਸੌ ਡਾਲਰਾਂ ਦੇ ਇਨਾਮਾਂ ਦੇ ਐਲਾਨ ਹੋਣ ਲੱਗ ਪਏ।
ਜਿਉਂ ਹੀ ਸਰਹਾਲਾ ਰਾਣੂੰਆਂ ਦੀ ਟੀਮ ਦੇ ਪਾਲਾ ਜਲਾਲਪੁਰ ਦੇ ਇੱਕ ਜੱਫੇ ਲਈ ਇੱਕੀ ਸੌ ਡਾਲਰ ਦਾ ਐਲਾਨ ਹੋਇਆ, ਅਗਲੇ ਹੀ ਪਲ ਪਾਲਾ ਧਾਵੀ ਨੂੰ ਲੱਕੋਂ ਲੈ ਗਿਆ। ਦੁੱਗਾਂ ਵਾਲਾ ਖੁਸ਼ੀ ਵੀ ਭਾਂਵੇ ਹੰਦਿਆਂ ਦੇ ਕੋਲ ਕੁਝ ਜੱਫੇ ਲਾ ਗਿਆ ਪਰੰਤੂ ਵਿਰੋਧੀ ਟੀਮ ਦੋਆਬਾ ਵਾਰੀਅਰਜ਼ ਦੇ ਅਰਸ਼ ਚੋਹਲਾ ਨੇ ਧਾਵੀਆਂ ਦੀ ਪੇਸ਼ ਨਾ ਚੱਲਣ ਦਿੱਤੀ। ਫਾਈਨਲ ਮੈਚ ਵਿੱਚ ਦੋਆਬਾ ਦੀ ਪਹਿਲੇ ਹਾਫ਼ ਵਿੱਚ ਸਰਹਾਲਾ ਉੱਪਰ ਬਣੀ ਅੱਠ ਅੰਕਾਂ ਦੀ ਲੀਡ ਨੂੰ ਖੁਸ਼ੀ ਅਤੇ ਪਾਲਾ ਵੀ ਤੋੜ ਨਾ ਸਕੇ। ਮੈਚ ਦੌਰਾਨ ਦੋਆਬਾ ਵਾਰੀਅਰਜ਼ ਦੀ ਟੀਮ ਦੇ ਬਿਹਤਰ ਪ੍ਰਦਰਸ਼ਨ ਸਦਕਾ ਸਰਹਾਲਾ ਰਾਣੂੰਆਂ ਦੀ ਟੀਮ 38 ਦੇ ਮੁਕਾਬਲੇ 21 ਅੰਕਾਂ ‘ਤੇ ਹੀ ਸਿਮਟ ਕੇ ਰਹਿ ਗਈ। ਦੋਆਬਾ ਵਾਰੀਅਰਜ਼ ਦੇ ਮੱਖਣ ਮੱਖੀ,ਸ਼ੰਕਰ ਸੰਧਵਾਂ ਅਤੇ ਕਾਲਾ ਧਨੌਲਾ ਨੂੰ ਬਿਹਤਰੀਨ ਧਾਵੀ ਅਤੇ ਅਰਸ਼ ਚੋਹਲਾ ਤੇ ਮਨੀ ਮੱਲੀਆਂ ਵਾਲਾ ਨੂੰ ਬਿਹਤਰੀਨ ਜਾਫੀ ਐਲਾਨਿਆਂ ਗਿਆ।
ਇਸ ਤੋਂ ਪਹਿਲਾਂ ਹੋਏ ਸੈਮੀਫਾਈਨਲ ਵਿੱਚ ਗੁਰਪ੍ਰੀਤ ਬੁਰਜ ਹਰੀ ਨੇ ਬਿਹਤਰੀਨ ਖੇਡ ਦਾ ਮੁਜ਼ਾਹਰਾ ਕੀਤਾ। ਅਮਰੀਕਾ ਵਿੱਚ ਹੋਣ ਵਾਲੇ ਨਿਊਯਾਰਕ ਵਰਲਡ ਕਬੱਡੀ ਕੱਪ ਲਈ ਹਰ ਸਾਲ ਚੋਟੀ ਦੀਆਂ ਟੀਮਾਂ ਪਹੁੰਚਦੀਆਂ ਹਨ। ਪ੍ਰਬੰਧਕਾਂ ਨੇ ਅਗਲੇ ਸਾਲ ਫਿਰ ਅਜਿਹਾ ਸਫ਼ਲ ਟੂਰਨਾਮੈਂਟ ਕਰਵਾਉਣ ਦਾ ਐਲਾਨ ਕਰਦਿਆਂ ਸਮੂਹ ਦਰਸ਼ਕਾਂ ਅਤੇ ਕਬੱਡੀ ਪ੍ਰੇਮੀਆਂ ਦਾ ਧੰਨਵਾਦ ਕੀਤਾ।