ਸ੍ਰੀ ਮੁਕਤਸਰ ਸਾਹਿਬ- ਪਿੰਡ ਮਰਾੜ ਕਲ੍ਹਾ ਨਜ਼ਦੀਕ ਹੋਏੇ ਅੰਨੇ ਕਤਲ, ਲੁੱਟ ਦੀ ਵਾਰਦਾਤ ਪੁਲਿਸ ਵੱਲੋਂ 24 ਘੰਟਿਆ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ, ਪੁਲਸ ਮੁਤਾਬਕ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ।
ਜ਼ਿਲ੍ਹਾ ਪੁਲਸ ਮੁਖੀ ਤੁਸ਼ਾਰ ਗਪਤਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿਆਰਜੀਤ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਬਾਜਾ ਮਰਾੜ੍ਹ ਨੇ ਪੁਲਿਸ ਪਾਸ ਬਿਆਨ ਦਿੱਤਾ ਕਿ ਉਹ ਆਪਣੇ ਪਿਤਾ ਲਖਵੀਰ ਸਿੰਘ ਨੂੰ ਦਵਾਈ ਦਵਾਉਣ ਲਈ ਅਲਟੋ ਕਾਰ ਵਿੱਚ ਜਾ ਰਹੇ ਸਨ ਤੇ ਜਦ ਉਹ ਪਿੰਡ ਮਰਾੜ੍ਹ ਕਲਾਂ ਫਾਟਕ ਨੇੜੇ ਪੁੱਜੇ ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦੀ ਕਾਰ ਦੇ ਸ਼ੀਸ਼ੇ ਭੰਨ ਦਿੱਤੇ , ਉਸ ਦੇ ਕੰਨ ਤੇ ਪਿਸਤੋਲ ਤਾਣ ਲਿਆ ਅਤੇ ਉਸ ਦਾ ਮੋਬਾਇਲ ਅਤੇ ਪਰਸ ਖੋਹਣ ਲੱਗੇ ਤੇ ਇਸੇ ਦੌਰਾਨ ਇੱਕ ਅਣਪਛਾਤੇ ਵਿਅਕਤੀ ਵੱਲੋਂ ਉਸ ਦੇ ਪਿਤਾ ਉੱਪਰ ਲੋਹੇ ਦੇ ਸਰੀਏ ਨਾਲ ਵਾਰ ਕੀਤੇ ਤੇ ਆਪਣੇ ਹਥਿਆਰਾਂ ਸਮੇਤ ਮੋਟਰਸਾਇਕਲ ਤੇ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ।
ਮੀਡੀਆ ਕਾਨਫਰੰਸ ਦੌਰਾਨ ਪੁਲਸ ਅਧਿਕਾਰੀ ਨੇ ਦੱਸਿਆ ਕਿ ਲੁੱਟ ਦੀ ਇਹ ਝੂਠੀ ਅਤੇ ਮਨਘੜਤ ਕਹਾਣੀ ਖੁਦ ਪੁੱਤਰ ਵੱਲੋਂ ਹੀ ਘੜੀ ਗਈ। ਦਰਅਸਲ ਉਹ ਜੂਏ ਦਾ ਆਦੀ ਹੈ ਅਤੇ ਉਸਨੇ ਆਨਲਾਈਨ ਗੇਮ ਵਿੱਚ 25 ਲੱਖ ਰੁਪਏ ਗੁਆ ਲਏ। ਜਦਕਿ ਉਹ ਆਪਣੇ ਪਿਤਾ ਕੋਲੋਂ ਓਹਲਾ ਰੱਖਦਾ ਹੋਇਆ ਇਹ ਕਹਿੰਦਾ ਰਿਹਾ ਕਿ ੳਸਦਾ ਚੰਡੀਗੜ੍ਹ੍ਹ ਬਿਜ਼ਨਸ ਚੱਲਦਾ ਹੈ ਜਿਸ ਵਿੱਚ 25 ਲੱਖ ਰੁਪਏ ਫਸੇ ਹੋਏ ਹਨ।ਪੁਲਸ ਮੁਤਾਬਕ ਦੋਹਵੇਂ ਪਿਉ ਪੁੱਤ ਘਰੋਂ ਇਹ ਰਕਮ ਲੈਣ ਲਈ ਨਿਕਲੇ ਸਨ।
ਪੁਲਸ ਤਫ਼ਤੀਸ਼ ਦੌਰਾਨ ਖੁਲਾਸਾ ਹੋਇਆ ਕਿ ਮ੍ਰਿਤਕ ਲਖਵੀਰ ਸਿੰਘ ਦੇ ਪੁੱਤਰ ਪਿਆਰਜੀਤ ਸਿੰਘ ਨੇ ਹੀ ਆਪਣੇ ਪਿਤਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਆਪਣੀ ਕਹੀ ਦੇ ਦਸਤੇ ਨਾਲ ਆਪਣੀ ਗੱਡੀ ਦੀ ਭੰਨ ਤੋੜ ਕਰਕੇ, ਲੁੱਟ ਦਾ ਝੂਠਾ ਡਰਾਮਾ ਰਚਿਆ ਤੇ ਬਾਅਦ ਵਿੱਚ ਮੁਦਈ ਬਣਕੇ ਮੁਕੱਦਮਾ ਦਰਜ ਕਰਵਾ ਦਿੱਤਾ ਸੀ। ਪੁਲਿਸ ਵੱਲੋਂ ਪਿਆਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫ਼ਿਲਹਾਲ ਚਾਕੂ ਬਰਾਮਦ ਕੀਤਾ ਜਾਣਾ ਬਾਕੀ ਹੈ। ਅਗਲੇਰੀ ਤਫ਼ਤੀਸ਼ ਜਾਰੀ ਹੈ। ਪੁਲਸ ਮੁਖੀ ਨੇ ਲੁੱਟ-ਖੋਹ ਦੀਆਂ ਵਾਰਦਾਤਾਂ ਰੋਕਣ ਲਈ ਲੋਕਾਂ ਕੋਲੋ ਸਹਿਯੋਗ ਦੀ ਮੰਗ ਕੀਤੀ ।