ਡੇਰਾ ਬਾਬਾ ਨਾਨਕ – ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹੇ ਨੂੰ ਅੱਜ ਪੰਜ ਸਾਲ ਪੂਰੇ ਹੋ ਗਏ ਹਨ । ਅੱਜ ਤੋਂ ਛੇ ਸਾਲ ਪਹਿਲਾਂ 15 ਅਗਸਤ 2018 ਨੂੰ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਇਸਲਾਮਾਬਾਦ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਏ ਸਨ, ਜਿੱਥੇ ਉਨ੍ਹਾਂ ਨੂੰ ਪਾਕਿਸਤਾਨ ਦੀ ਫੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਘੁੱਟ ਕੇ ਜੱਫ਼ੀ ਪਾਈ ਅਤੇ ਲਾਂਘਾਂ ਖੋਲ੍ਹਣ ਦੀ ਖ਼ਬਰ ਸੁਣਾਈ । ਪਿਆਰ- ਮੁਹੱਬਤ ਦੀ ਇਹ ਜੱਫੀ ਕੈਪਟਨ ਅਮਰਿੰਦਰ ਅਤੇ ਕੁਝ ਹੋਰ ਸਿਆਸਤਦਾਨਾਂ ਨੂੰ ਨਾ ਭਾਈ ।
ਇਸਲਾਮਾਬਾਦ ਤੋਂ ਵਾਪਸ ਆ ਕੇ ਸਿੱਧੂ ਨੇ ਦੱਸਿਆ ਸੀ ਕਿ ਪਾਕਿਸਤਾਨ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਡੇਰਾ ਬਾਬਾ ਨਾਨਕ (ਕਰਤਾਰਪੁਰ) ਲਾਂਘਾ ਖੋਲ੍ਹੇਗੀ। ਉਸੇ ਸਾਲ 22 ਨਵੰਬਰ ਨੂੰ ਭਾਰਤੀ ਕੈਬਨਿਟ ਨੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਰਹੱਦ ਤੱਕ ਕਰਤਾਰਪੁਰ ਸਾਹਿਬ ਲਾਂਘੇ ਨੂੰ ਮਨਜ਼ੂਰੀ ਦਿੱਤੀ ਸੀ।
ਭਾਰਤ ਵਾਲੇ ਪਾਸੇ 26 ਨਵੰਬਰ ਨੂੰ ਉਪ-ਰਾਸ਼ਟਰਪਤੀ ਵੈਂਕੇਆ ਨਾਇਡੂ ਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਾਨ ਵਿਖੇ ਇੱਕ ਸਮਾਗਮ ਦੌਰਾਨ ਡੇਰਾ ਬਾਬਾ ਨਾਨਕ-ਕਰਤਾਰਪੁਰ ਸਾਹਿਬ ਕਾਰੀਡੋਰ (ਅੰਤਰਰਾਸ਼ਟਰੀ ਸਰਹੱਦ ਤੱਕ) ਦਾ ਨੀਂਹ ਪੱਥਰ ਰੱਖਿਆ ਸੀ। ਦੂਜੇ ਪਾਸੇ 28 ਨਵੰਬਰ ਨੂੰ ਵਜ਼ੀਰ-ਏ- ਆਜ਼ਮ ਇਮਰਾਨ ਖਾਨ ਨੇ ਪਾਕਿਸਤਾਨ ਵਾਲੇ ਪਾਸੇ 4 ਕਿਲੋਮੀਟਰ ਦੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦੇ ਦਿਨ 9 ਨਵੰਬਰ 2019 ਨੂੰ ਲਾਂਘਾ ਖੋਲ੍ਹੇ ਜਾਣ ਦਾ ਉਦਘਾਟਨ ਕੀਤਾ ਸੀ ।
ਲਾਂਘਾ ਖੁੱਲ੍ਹਣ ਦੇ ਪੰਜ ਸਾਲ ਪੂਰੇ ਹੋਣ ‘ਤੇ ਅਕਾਲੀ ਦਲ ਨੇ ਲਾਂਘੇ ਰਾਹੀਂ ਜਾਣ ਵਾਲੀ ਸੰਗਤ ਲਈ ਪਾਸਪੋਰਟ ਦੀ ਸ਼ਰਤ ਹਟਾਉਣ ਦੀ ਮੰਗ ਕੀਤੀ ਹੈ। ਅਕਾਲੀ ਆਗੂ ਸੁਖਬੀਰ ਬਾਦਲ ਨੇ ਕਿਹਾ, “ਪੰਜ ਸਾਲ ਪਹਿਲਾਂ ਅੱਜ ਦੇ ਦਿਨ 2019 ਨੂੰ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਸਦਕਾ ਲੰਮੇ ਸਮੇਂ ਤੋਂ ਨਾਨਕ ਨਾਮ ਲੇਵਾ ਸੰਗਤ ਵੱਲੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਨੂੰ ਬੂਰ ਪਿਆ ਸੀ ਤੇ ਗੁਰੂ ਸਾਹਿਬ ਨੇ ਸ੍ਰੀ ਕਰਤਾਰਪੁਰ ਸਾਹਿਬ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਲਾਂਘਾ ਖੋਲ੍ਹ ਕੇ ਇੱਕ ਅਦੁੱਤੀ ਦਾਤ ਸੰਗਤ ਦੀ ਝੋਲੀ ਪਾਈ। ਇਸ ਮੁਬਾਰਕ ਦਿਨ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ।
ਇਸ ਮੌਕੇ ਮੈਂ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਦਾ ਵੀ ਧੰਨਵਾਦ ਕਰਨ ਦੇ ਨਾਲ ਨਾਲ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕਰਕੇ ਲਾਂਘੇ ਲਈ ਜਾਣ ਵਾਲੀ ਸੰਗਤ ਲਈ ਪਾਸਪੋਰਟ ਦੀ ਸ਼ਰਤ ਹਟਾਈ ਜਾਵੇ ਤਾਂ ਜੋ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਨੂੰ ਕੋਈ ਮੁਸ਼ਕਿਲ ਨਾ ਆਵੇ।
ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹੇ ਨੂੰ ਪੰਜ ਵਰ੍ਹੇ ਮੁਕੰਮਲ ਹੋ ਗਏ ਹਨ। ਇਹਨਾਂ ਪੰਜ ਸਾਲਾਂ ਵਿਚ ਇਕ ਲੱਖ ਤੋਂ ਜ਼ਿਆਦਾ ਸ਼ਰਧਾਲੂਆਂ ਨੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਹਨ।
ਇਸ ਲਾਂਘੇ ਲਈ 20 ਡਾਲਰ ਦੀ ਫੀਸ ਅਤੇ ਪਾਸਪੋਰਟ ਦੀ ਸ਼ਰਤ ਜੇਕਰ ਖ਼ਤਮ ਕਰ ਦਿੱਤੀ ਜਾਵੇ ਤਾਂ ਵੱਡੀ ਗਿਣਤੀ ਵਿਚ ਸੰਗਤ ਗੁਰੂਘਰ ਦੇ ਦਰਸ਼ਨ ਕਰ ਸਕੇਗੀ।
ਅਕਾਲੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਲਾਂਘਾ ਖੁਲ੍ਹਵਾਉਣ ਦੇ ਅਸਲ ਹੀਰੋ ਤਾਂ ਉਨ੍ਹਾਂ ਦੇ ਪਿਤਾ ਜਥੇਦਾਰ ਕੁਲਦੀਪ ਸਿੰਘ ਵਡਾਲਾ ਹਨ ਅਤੇ ਉਨ੍ਹਾਂ ਦੇ ਪਰਿਵਾਰ ਨੇ ਇਹ ਲਾਂਘਾਂ ਖੁਲ੍ਹਵਾਉਣ ਲਈ ਹੁਣ ਤੱਕ 226 ਅਰਦਾਸਾਂ ਕੀਤੀਆਂ ਹਨ । ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ 5 ਸਾਲ ਪਹਿਲਾਂ (9 ਨਵੰਬਰ 2019) ਕਰਤਾਰਪੁਰ ਸਾਹਿਬ ਲਾਂਘਾ ਖੁੱਲਿਆ ਸੀ ਅਤੇ ਅਸੀਂ ਖੁਸ਼ਨਸੀਬ ਹਾਂ ਕਿ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਲਾਂਘਾ ਖੁੱਲ੍ਹਣ ਦੇ 5 ਸਾਲ ਪੂਰੇ ਹੋਣ ‘ਤੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਦਾ ਐਲਾਨ ਕੀਤਾ ਹੈ।