ਪ੍ਰਸਿੱਧ ਪੰਜਾਬੀ ਗਾਇਕ ਕਰਨ ਔਜਲਾ ਨੇ ਵੱਕਾਰੀ ਕੈਨੇਡੀਅਨ ਜੂਨੋ ਐਵਾਰਡ ਜਿੱਤ ਕੇ ਵੱਡਾ ਮਾਅਰਕਾ ਮਾਰਿਆ ਹੈ। ਜੂਨੋਂ ਅਵਾਰਡ ਜਿੱਤਣ ਵਾਲਾ ਉਹ ਪਹਿਲਾ ਪੰਜਾਬੀ ਕਲਾਕਾਰ ਹੈ। ‘ਟਿੱਕ-ਟੌਕ ਜੂਨੋ ਫੈਨ ਚੁਆਇਸ’ ਐਵਾਰਡ ਲਈ ਉਭਰਦੇ ਗਾਇਕ ਸ਼ੁਭ ਨੂੰ ਵੀ ਮੁਕਾਬਲੇ ਵਿਚ ਸ਼ਾਮਲ ਕੀਤਾ ਗਿਆ ਸੀ। ਕਰਨ ਔਜਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ “ਪੰਜਾਬੀ ਸੰਗੀਤ ਦੁਨੀਆ ਦੇ ਸੰਗੀਤ ਦਾ ਭਵਿੱਖ” ਹੈ। ਕਰਨ ਔਜਲਾ ‘ਚਿੱਠੀਆਂ’ , ‘ਚਿੱਟਾ ਕੁੜਤਾ’ ਅਤੇ ‘ਅੱਡੀ ਸੁੰਨੀ’ ਵਰਗੇ ਗੀਤ ਗਾ ਕੇ ਪੰਜਾਬੀ ਸੰਗੀਤ ਦੀਆਂ ਬੁਲੰਦੀਆਂ ਛੋਹਣ ਲੱਗ ਪਿਆ ਸੀ। ਯੂ ਟਿਊਬ ਉਪਰ ਪਿਛਲੇ ਸਾਲ ਔਜਲਾ ਦੇ ਦੋ ਸਿੰਗਲ ਟਰੈਕ , “52 ਬਾਰਜ ” ਅਤੇ “ਟੇਕ ਇਟ ਈਜ਼ੀ” ਕੈਨੇਡਾ ਵਿੱਚ ਸਭ ਤੋਂ ਵੱਧ ਦੇਖੇ ਗਏ ਸਨ। ਜੂਨੋ ਐਵਾਰਡ ਦੌਰਾਨ ਕਰਨ ਔਜਲਾ ਨੇ ਆਪਣੇ ਗੀਤ ‘ਚੁੰਨੀ ਮੇਰੀ ਰੰਗਦੇ ਲਲਾਰੀਆ’ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਪੰਜਾਬ ਵਿਚ ਜਨਮਿਆ ਕਰਨ ਔਜਲਾ ਕੈਨੇਡਾ ਦੇ ਸ਼ਹਿਰਾਂ ਸਰੀ, ਵੈਨਕੂਵਰ ਵਿਚ ਵਿਚਰਦਾ ਰਿਹਾ ਹੈ ਪ੍ਰੰਤੂ ਗਾਇਕ ਕਲਾਕਾਰਾਂ ਅਤੇ ਕਾਰੋਬਾਰੀਆਂ ਨੂੰ ਫਿਰੌਤੀ ਦੀਆਂ ਧਮਕੀਆਂ ਮਿਲਣ ਦਾ ਸਿਲਸਲਾ ਸ਼ੁਰੂ ਹੋਣ ਮਗਰੋਂ ਕਰਨ ਔਜਲਾ ਨੇ ਕੁਝ ਮਹੀਨੇ ਪਹਿਲਾਂ ਦੁਬਈ ਜਾ ਕੇ ਰਹਿਣ ਦਾ ਮਨ ਬਣਾ ਲਿਆ ਸੀ।