ਸ੍ਰੀ ਅੰਮ੍ਰਿਤਸਰ ਸਾਹਿਬ – ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਕਾਲ ਤਖ਼ਤ ਸਾਹਿਬ ਦੀ ਮਰਿਯਾਦਾ ਬਣਾਈ ਰੱਖਣ ਅਤੇ ਅਤੇ ਜਥੇਦਾਰ ਸਾਹਿਬਾਨਾਂ ਨੂੰ ਨਸੀਹਤਾਂ ਨਾ ਦੇਣ ਦੀ ਤਾੜਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ 2 ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਬੁਲਾਈ ਗਈ ਹੈ, ਪਰੰਤੂ ਕੁਝ ਲੋਕ ਆਪਣੀ ਸੋਚ ਅਨੁਸਾਰ ਫੈਸਲਾ ਪ੍ਰਭਾਵਿਤ ਕਰਨ ਦੇ ਮੰਤਵ ਨਾਲ ਸਿੰਘ ਸਾਹਿਬਾਨ ਨੂੰ ਨਸੀਹਤਾਂ ਦੇ ਰਹੇ ਹਨ। ਅਜਿਹਾ ਨਿੱਜੀ ਤੌਰ ਤੇ ਮੰਗ ਪੱਤਰ ਦੇਣ ਨਾਲ ਅਤੇ ਮੀਡੀਆ ਰਾਹੀਂ ਕੀਤਾ ਜਾ ਰਿਹਾ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਵਰਤਾਰੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਿੰਘ ਸਾਹਿਬਾਨ ਦੀ ਜਾਣੇ-ਅਣਜਾਣੇ ਵਿੱਚ ਤੌਹੀਨ ਹੋ ਰਹੀ ਹੈ, ਕਿਉਂਕਿ ਕਿਸੇ ਵੀ ਮਾਮਲੇ ਵਿੱਚ ਫੈਸਲਾ ਲੈਣ ਲਈ ਜਥੇਦਾਰ ਸਾਹਿਬਾਨ ਅਜ਼ਾਦ ਤੇ ਖੁਦਮੁਖਤਿਆਰ ਹਨ ਅਤੇ ਉਹ ਇਤਿਹਾਸ, ਰਵਾਇਤਾਂ ਅਤੇ ਮਰਯਾਦਾ ਦੀ ਸੇਧ ਵਿੱਚ ਫੈਸਲਾ ਲੈਣ ਦੇ ਸਮਰੱਥ ਹਨ।
ਉਨ੍ਹਾਂ ਕਿਹਾ, “ਮੈਂ ਪੰਥਕ ਧਿਰਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਸੰਜੀਦਾ ਮਸਲੇ ਵਿੱਚ ਸੰਜਮ ਰੱਖਿਆ ਜਾਵੇ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ ਸੰਪੰਨ ਹਸਤੀ ਦਾ ਸਤਿਕਾਰ ਰੱਖਿਆ ਜਾਵੇ ਅਤੇ ਜਥੇਦਾਰ ਸਾਹਿਬਾਨ ਨੂੰ ਸਲਾਹਾਂ ਦੇਣ ਦੀ ਆੜ ਹੇਠ ਨਸੀਹਤਾਂ ਨਾ ਦਿੱਤੀਆਂ ਜਾਣ ਅਤੇ ਉਨ੍ਹਾਂ ਦੀ ਨਿੱਜੀ ਸ਼ਖ਼ਸੀਅਤ ਉੱਪਰ ਕਿਸੇ ਕਿਸਮ ਦੇ ਸਵਾਲ ਨਾ ਉਠਾਏ ਜਾਣ।”
ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਤਖਤਾਂ ਦੇ ਜਥੇਦਾਰ ਸਾਹਿਬਾਨ ਵੱਲੋਂ ਸੁਖਬੀਰ ਬਾਦਲ ਸਮੇਤ ਅਕਾਲੀ ਆਗੂਆਂ ਨੂੰ ਤਨਖ਼ਾਹ ਲਗਾਉਣ ਬਾਰੇ 2 ਦਸੰਬਰ ਨੂੰ ਫੈਸਲਾ ਸੁਣਾਇਆ ਜਾਣਾ ਹੈ।