ਪਟਿਆਲਾ- ਪੰਜਾਬ ਦੇ ਜੇਲ੍ਹ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਜੇਲ੍ਹਾਂ ਵਿੱਚੋਂ ਅਪਰਾਧਕ ਪ੍ਰਵਿਰਤੀ ਵਾਲੇ ਖਤਰਨਾਕ ਮੁਜਰਮਾਂ ਤੇ ਗੈਂਗਸਟਰਾਂ ਦੇ ਨੈਟਵਰਕ ਨੂੰ ਖ਼ਤਮ ਕਰਨ ਲਈ ਉਨ੍ਹਾਂ ਨੂੰ ਜਗਰਾਉਂ (ਲੁਧਿਆਣਾ) ਨੇੜੇ ਨਵੀਂ ਬਣ ਰਹੀ ਹਾਈ ਪ੍ਰੋਫਾਈਲ ਸਕਿਉਰਟੀ ਜੇਲ੍ਹ ਵਿੱਚ ਰੱਖਿਆ ਜਾਵੇਗਾ। ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਪਟਿਆਲਾ ਵਿਖੇ ਪੰਜਾਬ ਜੇਲ੍ਹ ਟ੍ਰੇਨਿੰਗ ਸਕੂਲ ਵਿਖੇ ਜੇਲ੍ਹ ਵਿਭਾਗ ਦੇ ਬੈਚ ਨੰਬਰ 97 ਦੇ ਕੁੱਲ 132 ਵਾਰਡਰਜ਼ ਅਤੇ 04 ਮੈਟਰਨਜ਼ ਦੀ ਪਾਸਿੰਗ ਆਊਟ ਪਰੇਡ ਸਮਾਰੋਹ ਦੌਰਾਨ ਸੰਬੋਧਨ ਕਰ ਰਹੇ ਸਨ। ਉਹਨਾਂ ਦੱਸਿਆ ਕਿ ਜੇਲ੍ਹ ਵਿਭਾਗ ਨੂੰ ਹੋਰ ਮਜਬੂਤ ਕਰਨ ਲਈ ਸਰਕਾਰ ਜੇਲ੍ਹ ਵਿਭਾਗ ਵਿਚ 13 ਡੀ.ਐੱਸ.ਪੀ. ਜੇਲ, 175 ਵਾਰਡਰ ਅਤੇ 04 ਮੈਟਰਨਾਂ ਸਮੇਤ ਡਾਕਟਰਾਂ ਤੇ ਪੈਰਾਮੈਡੀਕਲ ਅਮਲੇ ਦੀ ਭਰਤੀ ਜਲਦ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਜੇਲ੍ਹ ਵਿਭਾਗ ਨੇ ਕੈਦੀ ਬੰਦੀਆਂ ਦੇ ਪੁਨਰ ਵਸੇਬੇ ਲਈ 8 ਜੇਲ੍ਹਾਂ ਵਿਖੇ ਪੈਟਰੋਲ ਪੰਪ ਲਗਾਏ ਹਨ। ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਨਾਭਾ ਜੇਲ੍ਹ ਅਤੇ ਫਾਜ਼ਿਲਕਾ ਜੇਲ੍ਹ ਵਿਖੇ ਪੈਟਰੋਲ ਪੰਪਾਂ ਦਾ ਉਦਘਾਟਨ ਕੀਤਾ ਗਿਆ ।ਇਸ ਮੌਕੇ ਨਾਭਾ ਤੋਂ MLA ਸ. ਦੇਵ ਮਾਨ ਵੀ ਮੌਜੂਦ ਸਨ। ਇਹਨਾਂ ਪੈਟਰੋਲ ਪੰਪਾਂ ਦੇ ਲੱਗਣ ਨਾਲ ਜਿੱਥੇ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਰੁਜ਼ਗਾਰ ਤੇ ਚੰਗੇ ਸ਼ਹਿਰੀ ਬਣਨ ਦਾ ਮੌਕਾ ਮਿਲੇਗਾ ਉਥੇ ਹੀ ਜੇਲ੍ਹ ਵਿਭਾਗ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਪੰਜਾਬ ਸਰਕਾਰ ਪੰਜਾਬ ਦੀਆਂ ਜੇਲ੍ਹਾਂ ਨੂੰ ਸਹੀ ਮਾਇਨਿਆਂ ਦੇ ਵਿੱਚ ਸੁਧਾਰ ਘਰ ਬਣਾਉਣ ਲਈ ਵਚਨਬੱਧ ਹੈ। ਇਸ ਮੌਕੇ ADGP ਸ਼੍ਰੀ ਅਰੁਨਪਾਲ ਸਿੰਘ ਅਤੇ ਜੇਲ੍ਹ ਮਹਿਕਮੇ ਦੇ ਉੱਚ ਅਧਿਕਾਰੀ ਮੌਜੂਦ ਸਨ।