ਗਿੱਦੜਬਾਹਾ- ਕਿਸੇ ਵੇਲੇ ‘ਆਵਾਜ਼-ਏ ਪੰਜਾਬ’ ਕਰਕੇ ਚਰਚਿਤ ਰਹੇ ਸਾਬਕਾ ਐਮ.ਪੀ.ਜਗਮੀਤ ਸਿੰਘ ਬਰਾੜ ਨੇ ਗਿੱਦੜਬਾਹਾ ਹਲਕੇ ਦੀ ਜ਼ਿਮਨੀ ਚੋਣ ਲੜਣ ਲਈ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਇਸ ਮੌਕੇ ਉਨ੍ਹਾਂ ਨਾਲ ਰਘਬੀਰ ਸਿੰਘ ਪ੍ਰਧਾਨ, ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ ਅਤੇ ਉਹਨਾਂ ਦੇ ਕੁਝ ਪੁਰਾਣੇ ਸਮਰਥਕ ਮੌਯੂਦ ਸਨ। ਜਗਮੀਤ ਸਿੰਘ ਬਰਾੜ 1992 ਅਤੇ 1999 ਵਿੱਚ ਦੋ ਵਾਰ ਲੋਕ ਸਭਾ ਮੈਂਬਰ ਰਹਿ ਚੁੱਕੇ ਹਨ।
ਬਾਦਲਾਂ ਖਿਲਾਫ਼ ਚੋਣ ਲੜ ਕੇ ਭੱਲ ਬਣਾਉਣ ਵਾਲੇ ਜਗਮੀਤ ਬਰਾੜ ਦੇ ਕਾਂਗਰਸ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਪੈਰ ਨਹੀਂ ਲੱਗਣ ਦਿੱਤੇ। ਉਸਦੀ ਸੋਨੀਆਂ ਗਾਂਧੀ ਨਾਲ ਨੇੜਤਾ ਵੀ ਕੰਮ ਨਾ ਆਈ।ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜਨ ਵੇਲੇ ਰਹਿੰਦੀ ਕਸਰ ਜਾਖੜ ਤੇ ਰਾਣਾ ਸੋਢੀ ਨੇ ਕੱਢ ਦਿੱਤੀ ਸੀ। ਕਾਂਗਰਸ ਤੋਂ ਅਵਾਜ਼ਾਰ ਹੋ ਕੇ ਉਹਨਾਂ ਵੱਖਰੀ ਪਾਰਟੀ ਵੀ ਬਣਾਈ, ਖੁਦ ਲੋਕ ਸਭਾ ਚੋਣਾਂ ਲੜੀਆਂ, ਬਠਿੰਡਾ ਤੋਂ ਕੁਲਦੀਪ ਮਾਣਕ ਨੂੰ ਖੜ੍ਹਾ ਕੀਤਾ, ਪਰ ਪੱਲ਼ੇ ਸਿਵਾਏ ਨਿਰਾਸ਼ਾ ਤੋਂ ਹੋਰ ਕੁਝ ਨਾ ਪਿਆ।
ਕੁਝ ਸਮਾਂ ਉਹ ‘ਆਲ ਇੰਡੀਆ ਤ੍ਰਿਨਮੂਲ ਕਾਂਗਰਸ’ ਵਿੱਚ ਸੂਬਾ ਪ੍ਰਧਾਨ ਵੀ ਬਣੇ ਰਹੇ। ਵੱਡੇ ਬਾਦਲ ਦੇ ਜਿਉਂਦੇ ਜੀਅ ਉਹ ਅਕਾਲੀ ਦਲ ਵਿੱਚ ਵੀ ਜਾ ਰਲੇ। ਇਸ ਤੋਂ ਬਾਅਦ 2022 ਵਿੱਚ ਉਨ੍ਹਾਂ ਮੌੜ ਮੰਡੀ ਤੋਂ ਅਕਾਲੀ ਉਮੀਦਵਾਰ ਵਜੋਂ ਚੋਣ ਲੜੀ ਜਿੱਥੇ ਉਸਨੂੰ ਆਜ਼ਾਦ ਉਮੀਦਵਾਰ ਲੱਖਾ ਸਿਧਾਣਾ ਨਾਲੋਂ ਵੀ ਘੱਟ ਵੋਟਾਂ ਪਈਆਂ। ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਗਿੱਦੜਬਾਹਾ ਤੋਂ ਚੋਣ ਲੜਕੇ ਆਪਣੇ ਸਿਆਸੀ ਸਫ਼ਰ ਦਾ ਆਗਾਜ਼ ਕਰਨ ਵਾਲੇ ਬਰਾੜ ਹੁਣ ਗਿੱਦੜਬਾਹਾ ਤੋਂ ਹੀ ਬਤੌਰ ਆਜ਼ਾਦ ਉਮੀਦਵਾਰ ਖੜ੍ਹੇ ਹੋ ਕੇ ਅੰਜ਼ਾਮ ਦੇ ਰਹੇ ਹਨ।
ਪੂਰੇ ਪੰਜਾਬ ਦੀਆਂ ਚਾਰ ਸੀਟਾਂ ਵਿੱਚੋ ਗਿੱਦੜਬਾਹਾ ਹਲਕੇ ਦੀ ਚੋਣ ‘ਹੌਟ ਸੀਟ’ ਬਣੀ ਹੋਈ ਹੈ,ਜਿੱਥੇ ਸਿਆਸਤ ਦੇ ਧਨੰਤਰ ਖਿਡਾਰੀ ਆਪਸ ਵਿੱਚ ਭਿੜ ਰਹੇ ਹਨ। ਕਾਂਗਰਸ ਨੇ ਗਿੱਦੜਬਾਹਾ ਦੀ ਜ਼ਿਮਨੀ ਚੋਣ ਵਿੱਚ ਅੰਮ੍ਰਿਤਾ ਵੜਿੰਗ ਨੂੰ ਉਮੀਦਵਾਰ ਬਣਾਇਆ ਹੈ। ‘ਆਪ’ ਨੇ 30 ਸਾਲ ਅਕਾਲੀ ਦਲ ਵਿੱਚ ਰਹੇ ਡਿੰਪੀ ਢਿੱਲੋਂ ਨੂੰ ਅੱਗੇ ਕੀਤਾ ਹੈ। ‘ਆਪ’ ਵੱਲੋਂ ਟਿਕਟ ਦਾ ਦਾਅਵੇਦਾਰ ਪ੍ਰਿਤਪਾਲ ਸ਼ਰਮਾਂ ਨਾਰਾਜ਼ ਹੋ ਕੇ ਪਾਰਟੀ ਛੱਡ ਗਿਆ ਹੈ।ਹੁਣ ਉਹ ਮੁੱਖ ਮੰਤਰੀ ਮਾਨ ਅਤੇ ਪੰਜਾਬ ਕਾਂਗਰਸ ਪ੍ਰਧਾਨ ਦੀ ਆਪਸੀ ਸਾਂਝ ਦੇ ਪੋਤੜੇ ਫਰੋਲ ਰਿਹਾ ਹੈ। ਭਾਜਪਾ ਨੇ ਮਨਪ੍ਰੀਤ ਬਾਦਲ ‘ਤੇ ਦਾਅ ਖੇਡਿਆ ਹੈ ਜੋ 15 ਸਾਲ ਵਿਧਾਇਕ ਅਤੇ ਖ਼ਜ਼ਾਨਾ ਮੰਤਰੀ ਰਿਹਾ ਹੈ। ਫਿਲਹਾਲ ਹਲਕੇ ‘ਚੋਂ ਪੰਥਕ ਧਿਰਾਂ ਨਾਦਾਰਦ ਹਨ, ਸੁਖਬੀਰ ਬਾਦਲ ਨੂੰ ‘ਤਨਖ਼ਾਹੀਆ’ ਕਰਾਰ ਦਿੱਤਾ ਹੋਇਆ ਹੈ, ਅਕਾਲੀ ਦਲ ਨੇ ਮੈਦਾਨ ਖਾਲੀ ਛੱਡ ਦਿੱਤਾ ਹੈ।
ਸਿਆਸਤ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ। 1995 ਦੀ ਜ਼ਿਮਨੀ ਚੋਣ ਵੇਲੇ ਜਿਸ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੇ ਅਕਾਲੀ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਹਰਾਉਣ ਲਈ ਆਪਣੀ ਸਾਰੀ ਸਰਕਾਰੀ ਮਸ਼ੀਨਰੀ ਝੋਕ ਦਿੱਤੀ ਸੀ ਅੱਜ ਉਸ ਦਾ ਪੋਤਰਾ ਰਵਨੀਤ ਸਿੰਘ ਬਿੱਟੂ ਭਾਜਪਾ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਜਿਤਾਉਣ ਲਈ ਕਾਗਜ਼ ਭਰ ਕੇ ਗਿਆ ਹੈ। ਪੰਜਾਬ ਕਾਂਗਰਸ ਦਾ ਮੌਯੂਦਾ ਪ੍ਰਧਾਨ ਰਾਜਾ ਵੜਿੰਗ, ਜਗਮੀਤ ਬਰਾੜ ਨੂੰ ਆਪਣਾ ਸਿਆਸੀ ਗੁਰੂ ਮੰਨਦਾ ਰਿਹਾ ਹੈ, ਉਹ ਸਟੇਜਾਂ ‘ਤੇ ਵੀ ਜਗਮੀਤ ਬਰਾੜ ਵਾਂਗ ਰਗਾਂ ਵਿੱਚ ਬੋਲ ਕੇ ਉਸੇ ਤਰਜ਼ ‘ਤੇ ਤਕਰੀਰਾਂ ਕਰਦਾ ਰਿਹਾ ਹੈ, ਪਰੰਤੂ ਬਦਲੇ ਹਾਲਾਤਾਂ ਵਿੱਚ ਹੁਣ ਉਸਨੂੰ ਜਗਮੀਤ ਬਰਾੜ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਜਗਮੀਤ ਬਰਾੜ ਨੇ ਕਿਹਾ ਕਿ ਭਾਂਵੇ ਉਸ ਨੇ ਰਾਜਾ ਵੜਿੰਗ ਨੂੰ ਸਿਆਸਤ ਦੇ 364 ਦਾਅ-ਪੇਚ ਸਿਖਾ ਦਿੱਤੇ ਪਰ ਅਜੇ 365 ਵਾਂ ਦਾਅ ਲੱਗਣਾ ਬਾਕੀ ਹੈ। ਬਰਾੜ ਨੇ ਦਾਅਵਾ ਕੀਤਾ ਕਿ ਉਹ 50 ਸਾਲ ਦੇ ਸਿਆਸੀ ਸਫਰ ਦੌਰਾਨ ਬੇਦਾਗ ਰਹੇ ਹਨ, ਹੁਣ ਉਹ ਪੰਜਾਬ ਖਾਤਰ ਮੁੜ ਅੱਗੇ ਆਏ ਹਨ। ਉਹ ਕਿਸੇ ਹੋਰ ਦੀਆਂ ਬੇੜੀਆਂ ਵਿੱਚ ਵੱਟੇ ਪਾਉਣ ਲਈ ਨਹੀਂ ਸਗੋਂ ਉਹਨਾਂ ਦੇ ਆਪਣੇ ਪੁਰਾਣੇ ਗਿੱਦੜਬਾਹਾ ਹਲਕੇ ਦੀ ਨੁਮਾਂਇੰਦਗੀ ਕਰਨ ਲਈ ਮੈਦਾਨ ਵਿੱਚ ਨਿੱਤਰੇ ਹਨ ।