ਚੰਡੀਗੜ੍ਹ- ਸ਼ੰਭੂ ਅਤੇ ਖਨੌਰੀ ਬਾਰਡਰ ਵਿਖੇ ਜਾਰੀ ਕਿਸਾਨ ਮੋਰਚੇ ਅਤੇ ਸ. ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਦੀ ਕੇਂਦਰ ਸਰਕਾਰ ਨੂੰ ਤਿੱਖੇ ਸਵਾਲ ਕੀਤੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਂਦਰ ਨਾਲ਼ ਸੰਬੰਧਿਤ ਜਿਹਨਾਂ ਮੁੱਦਿਆਂ ‘ਤੇ ਮੁੱਖ ਮੰਤਰੀ ਨੇ ਖ਼ੁਦ ਕੇਂਦਰ ਦੇ ਨੁਮਾਇੰਦਿਆਂ ਅਤੇ ਕਿਸਾਨ ਜੱਥੇਬੰਦੀਆਂ ਦੀਆਂ ਬੈਠਕਾਂ ਕਰਵਾਈਆਂ, ਕਿਸਾਨਾਂ ਦਾ ਅਥਾਹ ਸੰਘਰਸ਼ ਜਾਰੀ ਰਹਿਣ ਦੇ ਬਾਵਜੂਦ ਉਹਨਾਂ ਹੀ ਵਿਸ਼ਿਆਂ ‘ਤੇ ਕੇਂਦਰ ਵੱਲੋਂ ਗੱਲਬਾਤ ਕਰਨ ਤੋਂ ਵੱਟਿਆ ਪਾਸਾ, ਮੁੜ ਇਸ਼ਾਰਾ ਕਰਦਾ ਹੈ ਕਿ ਕੇਂਦਰ ਆਪਣੀ ਪੰਜਾਬ ਨਾਲ਼ ਵਿਤਕਰੇ ਅਤੇ ਧੱਕੇਸ਼ਾਹੀ ਦੀ ਵਿਚਾਰਧਾਰਾ ਤਿਆਗਣ ਨੂੰ ਤਿਆਰ ਨਹੀਂ।
ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀਆਂ ਓਹੀ ਮੰਗਾਂ ਨੇ ਜਿਸ ਬਾਬਤ 26 ਸੈਕਟਰ ਵਿਖੇ ਰਾਤ ਦੇ 2-2 ਵਜੇ ਤੱਕ ਕੇਂਦਰੀ ਮੰਤਰੀ ਪੀਯੂਸ਼ ਗੋਇਲ ਜੀ ਅਤੇ ਉਸ ਵੇਲੇ ਦੇ ਖੇਤੀਬਾੜੀ ਮੰਤਰੀ ਨਾਲ ਲਗਾਤਾਰ 8-8 ਘੰਟੇ ਕਈ ਦੌਰ ਦੀਆਂ ਮੀਟਿੰਗਾਂ ਹੋਈਆਂ ਸਨ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਮਾਣਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਹੀ ਹੈ । ਕਿਸਾਨ ਆਗੂ ਡੱਲੇਵਾਲ ਦੀ ਸਿਹਤ ਦਾ ਖਿਆਲ ਰੱਖਣ ਲਈ 50 ਡਾਕਟਰਾਂ ਦੀ ਟੀਮ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ ਹੈ। ਧਰਨੇ ਦੇ ਨੇੜੇ ਹੀ ਸਥਿਤ ਹਵੇਲੀ ਨਾਮ ਦੇ ਢਾਬੇ ਨੂੰ ਹਸਪਤਾਲ ‘ਚ ਤਬਦੀਲ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਹਰਿਆਣੇ ਦਾ ਮੰਡੀਕਰਨ ਸਿਸਟਮ ਬਾ-ਕਮਾਲ ਹੈ। ਹਰ 4-5 ਕਿਲੋਮੀਟਰ ਦੇ ਦਾਇਰੇ ‘ਚ ਮੰਡੀ ਹੈ। ਮੰਡੀਕਰਨ ਬੋਰਡ ਸਾਡੀ ਬਹੁਤ ਵੱਡੀ ਸੰਸਥਾ ਹੈ। ਕੇਂਦਰ ਸਰਕਾਰ ਨੂੰ ਅਸੀਂ ਮੰਡੀਕਰਨ ਬੋਰਡ ਖ਼ਤਮ ਨਹੀਂ ਕਰਨ ਦੇਵਾਂਗੇ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, “ਪੰਜਾਬ ਦੇਸ਼ ਦਾ ਹਿੱਸਾ ਹੈ। ਖੇਤੀ ਦੇ ਮਾਮਲੇ ‘ਚ ਪੰਜਾਬ ਹੀ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ। ਮੋਦੀ ਸਾਬ੍ਹ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ, ਕਿਸਾਨ ਵੀ ਦੇਸ਼ ਦਾ ਹੀ ਹਿੱਸਾ ਨੇ। ਤੁਸੀਂ ਆਪਣਾ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਕਰੋ।”