ਐਡਮਿੰਟਨ – ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਨਾਲ ਜੁੜੀਆਂ ਦਰਦਨਾਕ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ! ਲੰਘੇ ਸ਼ੁੱਕਰਵਾਰ ਸਵੇਰੇ ਇੱਕ ਹੋਰ ਭਾਰਤੀ ਵਿਦਿਆਰਥੀ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਕਤਲ ਦੀ ਇਹ ਵਾਰਦਾਤ ਕੈਨੇਡਾ ਦੇ ਅਲਬਰਟਾ ਸੂਬੇ ਦੀ ਰਾਜਧਾਨੀ ਐਡਮਿੰਟਨ ਦੇ ਡਾਊਨਟਾਊਨ ਇਲਾਕੇ ਵਿੱਚ ਵਾਪਰੀ ਹੈ।
ਮਸਾਂ ਵੀਹ ਸਾਲ ਦੀ ਉਮਰ ਦਾ ਮੁੱਛ ਫੁੱਟ ਗੱਭਰੂ ਹਰਸ਼ਾਨਦੀਪ ਸਿੰਘ ਮਹਿਜ਼ ਡੇੜ ਕੁ ਸਾਲ ਪਹਿਲਾਂ ਹੀ ਆਪਣੀਆਂ ਅੱਖਾਂ ਚੰਗੇਰੇ ਭਵਿੱਖ ਦੇ ਸੁਪਨੇ ਸੰਜੋਅ ਕੇ ਕੈਨੇਡਾ ਆਇਆ ਸੀ।ਘਟਨਾ ਵਾਲੀ ਰਾਤ ਹਰਸ਼ਾਨਦੀਪ ਸਿੰਘ 106 ਸਟਰੀਟ ਅਤੇ 107 ਐਵਨਿਊ ‘ਤੇ ਬਣੀ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਸਕਿਉਰਟੀ ਗਾਰਡ ਵਜੋਂ ਡਿਊਟੀ ਦੇ ਰਿਹਾ ਸੀ। ਗੋਲੀ ਚੱਲਣ ਦੀਆਂ ਅਵਾਜ਼ਾਂ ਸੁਨਣ ਮਗਰੋਂ ਐਡਮਿੰਟਨ ਪੁਲਸ ਨੂੰ ਮੌਕੇ ‘ਤੇ ਬੁਲਾਇਆ ਗਿਆ ਸੀ।
ਜਦੋਂ ਪੁਲਸ ਮੌਕੇ ‘ਤੇ ਪਹੁੰਚੀ ਤਾਂ ਹਰਸ਼ਾਨਦੀਪ ਸਿੰਘ ਪੌੜੀਆਂ ਦੇ ਕੋਲ ਫ਼ਰਸ਼ ਤੇ ਖੂਨ ਨਾਲ ਲੱਥਪੱਥ ਪਿਆ ਸੀ।ਪੁਲਸ ਵੱਲੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ੳਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਸ ਨੇ ਫੌਰੀ ਕਾਰਵਾਈ ਕਰਦਿਆਂ 30 ਸਾਲ ਦੀ ਉਮਰ ਦੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇੱਕ ਹਥਿਆਰ ਵੀ ਬਰਾਮਦ ਕਰ ਲਿਆ ਹੈ।ਪੁਲਸ ਨੇ Evan Rain ਅਤੇ Judith Saulteau ਉੱਪਰ ਪਹਿਲਾ ਦਰਜਾ ਕਤਲ ਦੇ ਇਲਜ਼ਾਮ ਲਗਾਏ ਹਨ।
ਮ੍ਰਿਤਕ ਨੌਜਵਾਨ ਹਰਸ਼ਾਨਦੀਪ ਸਿੰਘ ਹਰਿਆਣੇ ਦੇ ਜਿਲ੍ਹਾ ਅੰਬਾਲਾ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਉਸਦੇ ਮਾਪੇ ਪਿੰਡ ਮਤਹੇੜੀ ਜੱਟਾਂ ਰਹਿੰਦੇ ਹਨ। ਲਾਡਾਂ ਨਾਲ ਪਾਲੇ ਅਤੇ ਚਾਵਾਂ ਨਾਲ ਸਟੱਡੀ ਵੀਜ਼ੇ ‘ਤੇ ਕੈਨੇਡਾ ਭੇਜੇ ਗਏ ਹਰਸ਼ਾਨਦੀਪ ਦੇ ਮਾਪਿਆਂ ਦਾ ਰੋ- ਰੋ ਕੇ ਬੁਰਾ ਹਾਲ ਹੋ ਗਿਆ ਹੈ।ਹਰਸ਼ਾਨਦੀਪ ਦੇ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਅਤੇ ਸਨੇਹੀਆਂ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ ।
ਪੁਲਸ ਦੀ ਕਾਰਵਾਈ ਪੂਰੀ ਹੋਣ ਮਗਰੋਂ ਹਰਸ਼ਾਨਦੀਪ ਸਿੰਘ ਦੀ ਲਾਸ਼ ਭਾਰਤ ਭੇਜਣ ਦੇ ਇੰਤਜ਼ਾਮ ਕੀਤੇ ਜਾ ਰਹੇ ਹਨ। ਹਰਸ਼ਾਨਦੀਪ ਨੂੰ ਪੜ੍ਹਣ ਲਿਖਣ ਵਾਲੇ ਇੱਕ ਸ਼ਰੀਫ ਨੌਜਵਾਨ ਵਜੋਂ ਚੇਤੇ ਕੀਤਾ ਜਾ ਰਿਹਾ ਹੈ। ਉਸਦੀ ਮ੍ਰਿਤਕ ਦੇਹ ਭਾਰਤ ਭੇਜਣ ‘ਤੇ ਆਉਣ ਵਾਲੇ ਖਰਚੇ ਅਤੇ ਇਸ ਔਖੀ ਘੜੀ ਵਿੱਚ ਮਾਪਿਆਂ ਦੀ ਮੱਦਦ ਕਰਨ ਲਈ ਐਡਮਿੰਟਨ ਦੇ ਇੱਕ ਆਦਮੀ ਵੱਲੋਂ ‘ਗੋ ਫੰਡ ਮੀ’ ਪੇਜ਼ ‘ਤੇ ਦਾਨ ਇਕੱਠਾ ਕੀਤਾ ਜਾ ਰਿਹਾ ਹੈ। ਫੰਡ ਇੱਕਠਾ ਕਰ ਰਹੇ ਗੁਲਜ਼ਾਰ ਸਿੰਘ ਨਿਰਮਾਣ ਦਾ ਕਹਿਣਾ ਹੈ ਕਿ ਦਾਨ ਵਜੋਂ ਇਕੱਤਰ ਹੋਈ ਸਾਰੀ ਰਾਸ਼ੀ ਹਰਸ਼ਾਨਦੀਪ ਸਿੰਘ ਦੇ ਭਾਰਤ ਰਹਿੰਦੇ ਮਾਪਿਆਂ ਨੂੰ ਸੌਂਪ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਕਿਸੇ ਭਾਰਤੀ ਮੂਲ ਦੇ ਵਿਦਿਆਰਥੀ ਦੇ ਕਤਲ ਦੀ ਇਹ ਪਹਿਲੀ ਘਟਨਾਂ ਨਹੀਂ ਹੈ। ਪਿਛਲੇ ਦਿਨੀਂ ਓਂਟਾਰੀਓ ਸੂਬੇ ਦੇ ਸਾਰਨੀਆਂ ਸ਼ਹਿਰ ਵਿੱਚ ਗੁਰਅਸੀਸ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ।
ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ 22 ਸਾਲਾ ਨੌਜਵਾਨ ਗੁਰਅਸੀਸ ਸਿੰਘ ਦਾ ਸਿਰਫ਼ ਸਾਢੇ ਤਿੰਨ ਮਹੀਨੇ ਪਹਿਲਾਂ ਹੀ ਉਚੇਰੀ ਸਿੱਖਿਆ ਲਈ ਕੈਨੇਡਾ ਆਇਆ ਸੀ।
ਕੈਨੇਡਾ ਪੁਲਿਸ ਮੁਤਾਬਕ ਕਤਲ ਕਰਨ ਵਾਲਾ ਮੁਲਜ਼ਮ ਨੌਜਵਾਨ ਅਤੇ ਮ੍ਰਿਤਕ ਗੁਰਅਸੀਸ ਸਿੰਘ ਇੱਕੋ ਘਰ ਵਿੱਚ ਹੀ ਕਿਰਾਏ ਉੱਤੇ ਰਹਿੰਦੇ ਸਨ। ਗੁਰਅਸੀਸ ਦੇ ਕਤਲ ਦੇ ਸਬੰਧ ਵਿੱਚ ਪੁਲਸ ਨੇ ਮੁਲਜ਼ਮ ਨੌਜਵਾਨ ਕਰੌਸਲੀ ਹੰਟਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ।