ਪੰਦਰਵੀਂ ਸਦੀ ਵਿਚ ਬਾਬਾ ਨਾਨਕ ਦੇ ਦੌਰ ਦੇ ਲੋਧੀ ਸੁਲਤਾਨਾਂ ਦੀ ਰਿਆਸਤ ਕਈ ਇਕਾਈਆਂ ਜਾਂ ਸਿਕ ਵਿਚ ਵੰਡੀ ਹੁੰਦੀ ਸੀ। ਕਾਫ਼ੀ ਵੱਡੇ ਖਿੱਤੇ ਵਿਚ ਫੈਲੀ ਸਿਕ ਦਾ ਮੁਖੀ ਸਿਕਦਾਰ ਹੁੰਦਾ ਸੀ। ਉਸ ਦੇ ਅਧੀਨ ਫ਼ੌਜ ਅਤੇ ਅਮਲੀ ਖ਼ੁਦਮੁਖ਼ਤਾਰੀ ਦਾ ਸਾਰਾ ਤਾਣ ਕਿਸਾਨਾਂ ਤੋਂ ਵੱਧ ਤੋਂ ਵੱਧ ਜ਼ਮੀਨੀ ਮਾਲੀਆ ਇਕੱਠਾ ਕਰਨ ’ਤੇ ਹੁੰਦਾ ਸੀ। ਇਸਲਾਮੀ ਸ਼ਰ੍ਹਾ ਮੁਤਾਬਕ ਫ਼ੈਸਲੇ ਕਰਨ ਵਾਲੇ ਕਾਜ਼ੀ ਦਾ ਦਫ਼ਤਰ ਕਿਲ੍ਹੇ, ਮਹਿਲ ਜਾਂ ਸਦਰ ਮੁਕਾਮ ਦੇ ਨੇੜੇ ਹੁੰਦਾ ਸੀ, ਪਰ ਕਾਜ਼ੀਆਂ ਨੂੰ ਬੇਈਮਾਨ ਅਤੇ ਵੱਢੀਖੋਰ ਸਮਝਿਆ ਜਾਂਦਾ ਸੀ। ਹਾਕਮਾਂ ਵਿਚ ਅੱਯਾਸ਼ੀ ਦਾ ਬੋਲਬਾਲਾ ਸੀ। ਗ਼ੁਲਾਮ ਰੱਖਣੇ, ਔਰਤਾਂ ਤੇ ਬੱਚਿਆਂ ਦੀ ਨਿਲਾਮੀ, ਭੀਖ ਮੰਗਣਾ ਆਦਿ ਆਮ ਵਰਤਾਰੇ ਸਨ।
ਬ੍ਰਾਹਮਣ, ਕਸ਼ੱਤ੍ਰੀ, ਵੈਸ਼ ਅਤੇ ਸ਼ੂਦਰ ਵਾਲੀ ਵਰਣ-ਆਸ਼ਰਮ ਵਿਵਸਥਾ ਨੇ ਹਿੰਦੂ ਸਮਾਜ ਨੂੰ ਆਪਣੀ ਗ੍ਰਿਫ਼ਤ ਵਿਚ ਲਿਆ ਹੋਇਆ ਸੀ। ਲਕੀਰ ਖਿੱਚ ਕੇ ਅੱਡ ਬੈਠਣ ਵਾਲਾ ਚੌਕਾ ਇਸ ਜਾਤ-ਪਾਤੀ ਸਮਾਜ ਦੀ ਮਿਸਾਲ ਹੈ। ਇੱਕੋ ਜਾਤ-ਵਰਣ ਦੇ ਦੋ ਮਨੁੱਖ ਵੀ ਬਿਨਾਂ ਰੋਟੀ ਸਾਂਝੀ ਕੀਤਿਆਂ ਅੱਡੋ-ਅੱਡ ਬਹਿੰਦੇ ਸਨ। ‘ਭਿੱਟ ਜਾਣ’ ਤੋਂ ਡਰਨ ਵਾਲੇ ਬ੍ਰਾਹਮਣ ਇਸ ਵਲਗਣ ਨੂੰ ਪੱਕਿਆਂ ਰੱਖਣ ਬਾਬਤ ਖ਼ਾਸ ਧਿਆਨ ਦਿੰਦੇ ਸਨ। ‘ਪਲੀਤ ਹੋਣ’ ਦਾ ਸਭ ਤੋਂ ਠੋਸ ਰੂਪ ਮਲ-ਮੂਤਰ ਸਾਫ਼ ਕਰਨ ਵਾਲਿਆਂ ਦਾ ਵਸੇਬ ਹੋਰਨਾਂ ਤੋਂ ਦੁਰੇਡੇ, ਦੱਖਣ-ਦਿਸ਼ਾ ਵੱਲ ਹੋਣ ਤੋਂ ਦਿਸਦਾ ਹੈ। ‘ਅਛੂਤ’ ਜਾਤੀਆਂ, ਸਤੀ ਦਾ ਰਿਵਾਜ, ਸੂਤਕ ਦਾ ਸ਼ਿਕਾਰ ਔਰਤਾਂ, ਬਾਲ-ਵਿਆਹ ਦਾ ਪ੍ਰਚਲਨ ਉਸ ਦੌਰ ਦੇ ‘ਅੰਧੀ ਰਯਤਿ ਗਿਆਨ ਵਿਹੂਣੀ’ ਨੂੰ ਦਰਸਾਉਂਦਾ ਹੈ।
ਪੇਂਡੂ ਖਿੱਤਿਆਂ ਵਿਚ ਪਿੰਡ ਦੇ ਮੁਖੀ – ਮੁਕੱਦਮ ਜਾਂ ਮਹਿਤਾ – ਦੀ ਅਸਲ ਜ਼ਿੰਮੇਵਾਰੀ ਮਾਲੀਏ ਦੀ ਉਗਰਾਹੀ ਸੀ। ਪੇਂਡੂਆਂ ਨਾਲ ਧੱਕਾ, ਕਿਰਸਾਣਾਂ ਦੀ ਲੁੱਟ ਸਦਕਾ ਇਹ ਅਹੁਦਾ ਖਾਸਾ ਫ਼ਾਇਦੇਮੰਦ ਗਿਣਿਆ ਜਾਂਦਾ ਸੀ। ਕਾਰੀਗਰ ਅਤੇ ਬੇਜ਼ਮੀਨੇ ਕਿਰਤੀਆਂ ਦੀ ਹਾਲਤ ਪੁੱਜ ਕੇ ਮਾੜੀ ਸੀ ਜਦੋਂਕਿ ਹਾਕਮ, ਚੌਧਰੀ ਪੰਦਰਵੀਂ ਸਦੀ ਦੇ ਸਭ ਤੋਂ ਰੱਜੇ-ਪੁੱਜੇ ਲੋਕ ਸਨ। ਸ਼ਹਿਰੀਂ ਵੱਸਦੇ ਪੇਸ਼ੇਵਰ ਲੋਕ ਅਤੇ ਵਪਾਰੀ ਤਬਕਾ ਵੀ ਆਰਥਿਕ ਪੱਖੋਂ ਤਕੜੇ ਸਨ।
ਖ਼ਾਨਕਾਹਾਂ ਅਤੇ ਦਰਗਾਹਾਂ ਵਿਚ ਸੂਫ਼ੀ ਫ਼ਕੀਰਾਂ, ਸ਼ਹੀਦਾਂ ਦੇ ਉਰਸ ਭਰਦੇ, ਮੰਨਤਾਂ ਮੰਗੀਦੀਆਂ, ਕੱਵਾਲੀਆਂ ਗੂੰਜਦੀਆਂ। ਮੁਲਤਾਨ ਖਿੱਤੇ ਦੇ ਪਾਕਪਟਨ ਵਿਚ ਪੰਜਾਬੀ ਸੱਭਿਅਤਾ ਦੇ ਬਾਨੀ ਸ਼ੇਖ਼ ਫ਼ਰੀਦ ਜਾਂ ਸਖੀ ਸਰਵਰ ਅਜਿਹੇ ਪੰਜਾਬੀ ਇਸਲਾਮ ਦੇ ਕੇਂਦਰ ਸਨ। ਵਿਸ਼ਨੂੰ ਦੇ ਅਵਤਾਰ ਰਾਮ ਅਤੇ ਕ੍ਰਿਸ਼ਨ ਦੀ ਮੂਰਤੀ ਪੂਜਾ, ਮੰਦਰਾਂ ਦਾ ਫੈਲਾਅ, ਪੁਜਾਰੀਆਂ ਦੀ ਮਾਨਤਾ ਸਦਕਾ ਪੰਜਾਬ ਵਿਚ ਵੈਸ਼ਣਵ ਭਗਤੀ ਦੀ ਵੱਡੀ ਸਾਖ ਸੀ। ਇਸ ਵਿਚ ਈਸ਼ਵਰ ਦੇ ਮਹਿਮਾ-ਗਾਨ ਵਜੋਂ ਕੀਰਤਨ ਦਾ ਮਰਕਜ਼ੀ ਰੋਲ ਸੀ ਅਤੇ ਇਹ ਕੀਰਤਨ ਭਗਤੀ ਦੀ ਭਾਵਨਾਤਮਕ ਧੁਰੀ ਸੀ। ਆਮ ਲੋਕਾਈ ਵਿਚ ਮਹਾਭਾਰਤ ਅਤੇ ਰਾਮ-ਕਥਾ ਦੇ ਨਾਲ-ਨਾਲ ਰਾਸਲੀਲਾ ਅਤੇ ਰਾਮਲੀਲਾ ਦਾ ਵੀ ਚਲਨ ਸੀ। ਜੈਨ ਅਤੇ ਬੁੱਧ ਧਰਮ ਦੇ ਵੀ ਕੁਝ ਨਿਸ਼ਾਨ ਮੌਜੂਦ ਸਨ। ਸ਼ੈਵ ਸਾਧੂਆਂ ਦੇ ਟਿਕਾਣੇ ਟਿੱਲਾ ਗੋਰਖ ਨਾਥ ਅਤੇ ਰਾਂਝੇ ਦੇ ਜੋਗ ਲੈਣ ਨਾਲ ਜੁੜਿਆ ਟਿੱਲਾ ਬਾਲ ਗੁੰਦਈ ਪੰਜਾਬ ਵਿਚ ਸੰਨਿਆਸ ਮਾਰਗ ਦੇ ਮਜ਼ਬੂਤ ਮਠ ਸਨ। ਆਮ ਲੋਕਾਈ ਵਿਚ ਗੋਰਖਪੰਥੀ ਜਾਂ ਕੰਨਫਟੇ ਜੋਗੀਆਂ ਨੂੰ ਕਰਾਮਤੀ ਮੰਨਣ ਸਦਕਾ ਉਨ੍ਹਾਂ ਦੀ ਕਾਫ਼ੀ ਮਾਨਤਾ ਸੀ।
ਪੰਜਾਬ ਵਿਚ ‘ਕੂੜੁ ਅਮਾਵਸ’ ਨੇ ‘ਸਚੁ ਚੰਦ੍ਰਮਾ’ ਨੂੰ ਪਰਾਲੀ ਦੇ ਧੂੰਏਂ ਵਾਂਗ ਢਕ ਲਿਆ ਸੀ। ‘ਦੀਸੈ ਨਾਹੀ ਕਹ ਚੜਿਆ’ ਦੇ ਹਾਲ ਮੁਤਾਬਕ ਪੰਜਾਬ ਗਰਕ ਰਿਹਾ ਸੀ। ਵਿਚਾਰ ਸੀ ਤਾਂ ਅਮਲ ਗੈਰਹਾਜ਼ਰ ਸੀ; ਆਲੋਚਨਾ ਸੀ ਤਾਂ ਕਿਰਤੀ ਹੋਣ ਦਾ ਮਾਣ ਨਹੀਂ ਸੀ; ਯੋਧਾ ਸੀ ਤਾਂ ਰਹਿਮ ਨਹੀਂ ਸੀ; ਭਗਤੀ ਭਾਵਨਾ ਸੀ ਤਾਂ ਨਾਇਨਸਾਫ਼ੀ ਖ਼ਿਲਾਫ਼ ਡਟਣ ਦਾ ਮਾਦਾ ਨਹੀਂ ਸੀ; ਰੱਬ ਦੀ ਸਰਬ-ਵਿਆਪਕਤਾ ਸੀ ਤਾਂ ਲੋਕਾਈ ਦੀ ਸਾਂਝ ਨਹੀਂ ਸੀ; ਅਵਤਾਰ, ਭਗਤ, ਜੋਗੀ, ਦਰਵੇਸ਼ ਸਨ ਤਾਂ ਭਵਿੱਖ ਡੌਲਣ ਵਾਲਾ ਕੋਈ ਸਮਰੱਥ ਭਾਈਚਾਰਾ ਨਹੀਂ ਸੀ। ਇਨ੍ਹਾਂ ਮਾਰਖੋਰੇ, ਉਜੱਡ, ਕਪਟ ਦੇ ਸੌਦਾਗਰਾਂ ਦੀ ਉਸਾਰੀ ਹੋਈ ਕੂੜ ਦੀ ਪਾਲ਼ ਨਾਲ ਮੱਥਾ ਲਾਉਣ ਲਈ ‘ਕਿਵ ਸਚਿਆਰਾ ਹੋਈਐ’ ਦਾ ਬੁਲੰਦ-ਇਖ਼ਲਾਕ ਬੋਲਾ ਉਠਿਆ ਤੇ ਚਹੁੰ ਕੂੰਟੀਂ ਗੂੰਜ ਗਿਆ।
ਸਿੱਖੀ ਦਾ ਬਲ ‘ਇਕ ਈਸ਼ਵਰ’ ਉੱਤੇ ਭਰੋਸੇ ਵਿਚ ਹੈ। ਸਿਰਫ਼ ਉਹੀ ਹੈ; ਹੋਰ ਕੋਈ ਨਹੀਂ। ਉਹ ਹੀ ਸੱਚੀ ਹਕੀਕਤ ਹੈ, ਸੋ ਉਸ ਦੀ ਸਾਜੀ ਸ੍ਰਿਸ਼ਟੀ ਵੀ ਸੱਚ ਹੈ, ਮਾਇਆ ਨਹੀਂ। ਪਾਰਬ੍ਰਹਮ ਦੀ ਸਿੱਖ ਪਰਿਭਾਸ਼ਾ ਦੇ ਨਿਸ਼ਾਨ ਮੂਲ ਮੰਤਰ ਵਿਚ ਅੰਕਿਤ ਹਨ। ‘ਇਕ ਓਅੰਕਾਰ’ ਪਾਰਬ੍ਰਹਮ ਦੀ ਫ਼ੈਸਲਾਕੁਨ ਏਕਤਾ ਦਰਸਾਉਂਦਾ ਹੈ; ਉਸ ਇਕ ਈਸ਼ਵਰ ਦਾ ਸਿਮਰਣ ਕਰਨਾ ਹੀ ਨਾਮ ਜਪਣ ਦਾ ਬੁਨਿਆਦੀ ਸਿਧਾਂਤ ਹੈ; ਇਸ ਸੁਨੇਹੇ ਨੂੰ ‘ਸਚੁ ਆਚਾਰੁ’ ਵਿਚ ਢਾਲਣਾ ਗੁਰਸਿੱਖ ਹੋਣ ਦਾ ਸਿਰਨਾਵਾਂ ਹੈ। ਇਕ ਮਿਹਰਬਾਨ ਕਰਤਾ ਪੁਰਖ ਹੀ ਸਾਰੀ ਮਨੁੱਖਤਾ ਦਾ ਸਿਰਜਣਹਾਰਾ ਹੈ, ਸੋ ਸਾਰੇ ਮਨੁੱਖ ਉਸ ਦੀ ਹੀ ਸੰਤਾਨ ਹੋਣ ਸਦਕਾ ਸਾਂਝੀਵਾਲ ਹਨ, ਬਰਾਬਰ ਹਨ। ਸਿੱਖੀ ਵਿਚ ਇਹ ਸਿਧਾਂਤ ਸੰਗਤ ਨੂੰ ਉੱਚਾ ਦਰਜਾ ਮਿਲਣ, ਲੰਗਰ ਛਕਣ ਦੀ ਰਵਾਇਤ, ਗੁਰੂ ਅਤੇ ਸਿੱਖ ਦੇ ਅਭੇਦ ਹੋਣ ਰਾਹੀਂ ਦਿਸਦਾ ਹੈ। ਇਸ ਪ੍ਰਕਿਰਿਆ ਦਾ ਸਿਖਰ ਸੰਗਤ ਨੂੰ ਗਰੂੁ ਦੀ ਪਦਵੀ ਮਿਲਣ ਵਿਚ ਹੈ। ਮਾਇਆ ਦੇ ਨਿਜ਼ਾਮ ਦੇ ਖ਼ਿਲਾਫ਼ ਨਾਮ ਦੇ ਸ਼ੁਭਚਿੰਤਨੀ ਇਖ਼ਲਾਕ ਨੂੰ ਨਿਭਾਉਣ ਵਾਲਾ ਗੁਰਸਿੱਖ, ਇੰਞ ਆਪਣੇ ਸਮਾਜੀ-ਇਖ਼ਲਾਕੀ ਅਭਿਆਸ ਵਿਚ ਧਾਰਮਿਕ ਅਤੇ ਰਾਜਸੀ ਬਰਾਬਰੀ ਦਾ ਧਾਰਨੀ ਹੈ।
‘ਖੰਨਿਅਹੁ ਤਿਖੀ ਵਾਲਹੁ ਨਿਕੀ’ ਸਿੱਖੀ ਦਾ ਰਾਹ ਨਿਰੋਲ ਦੁਨਿਆਵੀ ਵਿਹਾਰ ਜਾਂ ਦੁਨੀਆ ਦੇ ਮੁਕੰਮਲ ਤਿਆਗ ਤੋਂ ਨਿਆਰਾ ਹੈ। ਸਚਿਆਰੇ ਰਹਿੰਦਿਆਂ, ਦੁਨਿਆਵੀ ਦਲਦਲ ਨਾਲ ਭਿੜਦਿਆਂ ਅਤੇ ‘ਘਰ ਹੀ ਮਾਹਿ ਉਦਾਸਾ’ ਦਾ ਕਰਮ ਕਮਾਉਂਦਿਆਂ ਹੀ ਮੁਕਤੀ ਹਾਸਲ ਹੋ ਸਕਦੀ ਹੈ। ‘ਏਤੁ ਮਾਰਗਿ ਜਾਣਾ’ ਦੇ ਮਜੀਠੀ ਸਿਦਕ ਨੂੰ ਅਪਣਾ ਕੇ ਮਿਲੀ ਮੁਕਤੀ ਹੀ ਆਨੰਦ ਹੈ, ਵਿਸਮਾਦ ਹੈ। ਇਸ ਨੂੰ ਹਾਸਲ ਕਰਨ ਲਈ ਤਿਆਗ-ਤਪੱਸਿਆ ਨਹੀਂ ਸਗੋਂ ਸਮਾਜਿਕ ਪ੍ਰਤੀਬੱਧਤਾ ਨਾਲ ਗੁੰਦੀ ਹੋਈ ਜ਼ਿੰਦਗੀ ਵਿਚ ਖੁੱਭ ਕੇ ਹੀ ‘ਜੀਵਨ-ਮੁਕਤ’ ਹੋਇਆ ਜਾ ਸਕਦਾ ਹੈ। ਸਿੱਖੀ ਵਿਚ ਮੁਕਤੀ ਕੋਈ ਨਿੱਜੀ ਮਸਲਾ ਨਹੀਂ ਸਗੋਂ ਸਰਬੱਤ ਦੇ ਭਲੇ ਅਤੇ ਸਰਬੱਤ ਦੀ ਆਜ਼ਾਦੀ ਨਾਲ ਜੁੜਿਆ ਹੋਇਆ ਹੈ। ਗੁਰੂ ਦਾ ਸਿੱਖ ਇਸ ਸਵਾਲ ’ਤੇ ਗੁਰੂ ਦੀ ਮਿਸਾਲ ਸਾਹਮਣੇ ਰੱਖ ਕੇ ਸਰਬੱਤ ਲਈ ਜਿਉਂਦਾ ਹੈ। ਇਹ ਮਹਾਨ ਆਦਰਸ਼ ਸਚਿਆਰੇ ਹੋਣ ਦੀ ਕਸਵੱਟੀ ਵੀ ਹੈ ਅਤੇ ਰੋਜ਼ਾਨਾ ਜ਼ਿੰਦਗੀ ਦੇ ਅਭਿਆਸ ਨਾਲ ਵੀ ਜੋੜਿਆ ਗਿਆ ਹੈ।
ਗੁਰਮਤ ਦਾ ਅਜਿਹਾ ਗਾਡੀਰਾਹ ਘੜ੍ਹਣ ਵਾਲਾ ਸਾਡਾ ਵਾਲੀ, ਬਾਬਾ ਨਾਨਕ, ਆਪਣੇ ਬਾਲਪਣ ਤੋਂ ਹੀ ਰਵਾਇਤਾਂ ਨੂੰ ਤਿੱਖੇ ਸਵਾਲ ਕਰਦਾ ਨਵੇਂ ਦਿਸਹੱਦੇ ਜੋਹ ਰਿਹਾ ਸੀ। ਪਾਂਧੇ ਤੋਂ ਹਿਸਾਬ, ਲੇਖਾ-ਜੋਖਾ ਸਿੱਖਿਆ ਅਤੇ ਮੌਲਵੀ ਤੋਂ ਫ਼ਾਰਸੀ ਅਤੇ ਮੁੱਢਲੀ ਅਰਬੀ। ਜਨੇਊ ਦੀ ਸਦਾਚਾਰਕ ਵਿਆਖਿਆ, ਵਿੱਦਿਆ ਦਾ ਸਹੀ ਮੰਤਵ, ਖਰੇ ਸੌਦੇ ਦੀ ਕਸਵੱਟੀ ਬਾਬਤ ਬਾਲ ਨਾਨਕ ਦੇ ਨੁਕਤੇ ਉਸ ਦੀ ਤਿੱਖੀ ਜਗਿਆਸਾ ਅਤੇ ਪ੍ਰਤਿਭਾ ਦਰਸਾਉਂਦੇ ਹਨ। ਸੰਗੀਤ ਅਤੇ ਕੀਰਤਨ ਵਿਚ ਦਿਲਚਸਪੀ ਭਾਈ ਮਰਦਾਨੇ ਸੰਗ ਦੋਸਤੀ ਦਾ ਸਬੱਬ ਬਣਦੀ ਹੈ। ਪੱਖੋ ਕੀ ਰੰਧਾਵੀ ਦੇ ਪਟਵਾਰੀ ਮੂਲੇ ਦੀ ਬੇਟੀ ਸੁਲੱਖਣੀ ਨਾਲ ਵਿਆਹ ਹੋਣ ਮਗਰੋਂ ਅਠਾਰਾਂ ਸਾਲ ਦੀ ਉਮਰ ਵਿਚ ਬਾਬਾ ਨਾਨਕ ਨੇ ਆਪਣੇ ਭਣੋਈਏ ਜੈ ਰਾਮ ਦੇ ਸੱਦੇ ’ਤੇ ਸੁਲਤਾਨਪੁਰ ਲੋਧੀ ਆ ਕੇ ਮੋਦੀਖਾਨੇ ਦਾ ਕੰਮ ਸੰਭਾਲ ਲਿਆ ਜਿੱਥੇ ਜ਼ਮੀਨੀ ਮਾਲੀਏ ਵਜੋਂ ਇਕੱਠਾ ਹੋਇਆ ਅੰਨ ਵੇਚਿਆ ਜਾਂਦਾ ਸੀ। ਦੋ ਪੁੱਤਰਾਂ ਵੀ ਇੱਥੇ ਗ੍ਰਹਿਸਥ ਕਮਾਉਂਦਿਆਂ ਜਨਮ ਲਿਆ।
ਬਾਬੇ ਦੀ ਇੱਕ ਸਾਂਝ ਪਾਣੀਆਂ ਨਾਲ ਵੀ ਸੀ। ਵੇਈਂ ਹਰ ਰੋਜ਼ ਅੰਮ੍ਰਿਤ ਵੇਲੇ ਆਪਣੇ ਸੱਜਣ ਪੁਰਖ ਨੂੰ ਉਡੀਕਦੀ। ਇਸ਼ਨਾਨ ਮਗਰੋਂ ਹੁੰਦੇ ਸਿਮਰਨ ਵੇਲੇ ਆਪਣਾ ਵਹਿਣ ਮੱਠਾ ਕਰ ਲੈਂਦੀ…
ਆਥਣੇ ਬਾਬਾ ਨਾਨਕ ਦੇ ਸੰਗੀ ਮਿਲ ਕੇ ਉਸ ਕਾਦਰ ਦੀ ਸਿਫ਼ਤ ਸਾਲਾਹ ਗਾਉਂਦੇ। ਮਰਦਾਨਾ ਰਬਾਬ ਛੇੜਦਾ। ਦੂਰ ਵਹਿੰਦੀ ਵੇਈਂ ਦੇ ਸੁਣਦੇ ਪਾਣੀ ਕਲਵਲ ਕਲਵਲ ਲਰਜ਼ ਜਾਂਦੇ…
ਜ਼ਿਕਰ ਹੈ ਕਿ ਇਕ ਦਿਨ ਵੇਈਂ ਵੱਲ ਗਏ। ਤਿੰਨ ਦਿਨਾਂ ਬਾਅਦ ਦਿਸੇ ਤਾਂ ਕਿਸੇ ਡੂੰਘੀ ਚੁੱਪ ਵਿਚ ਸਨ। ਬੋਲਦੇ ਤਾਂ ਕਹਿੰਦੇ: ‘ਨਾ ਕਉ ਹਿੰਦੂ ਨਾ ਕਉ ਮਸਲਮਾਨ’। ਇਸ ਐਲਾਨ ਨਾਲ ਦਰਬਾਰ ਵਿਚ ਹਲਚਲ ਮੱਚ ਗਈ। ਕਾਜ਼ੀਆਂ ਨੇ ਨਮਾਜ਼ ਅਤਾ ਕਰਨ ਲਈ ਕਿਹਾ ਤਾਂ ਬਾਬਾ ਨਾਨਕ ਨੇ ਸਹੀ ਨਮਾਜ਼ ਦਾ ਮਤਲਬ ਇਉਂ ਦੱਸਿਆ:
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ॥
ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣ॥
ਕਾਲੀ ਵੇਈਂ ਦੇ ਇਲਾਹੀ ਅਨੁਭਵ ਨੂੰ ਆਪਣੇ ਵਿਸਮਾਦੀ ਸ਼ਬਦ ਅਤੇ ਮਰਦਾਨੇ ਦੀ ਰਬਾਬ ਰਾਹੀਂ ‘ਧਰਤਿ ਲੋਕਾਈ’ ਨਾਲ ਸਾਂਝਾ ਕਰਨ ਲਈ ਉਦਾਸੀ ਵੇਸ ਪਹਿਨ ਕੇ ਬਾਬਾ ਨਾਨਕ ਸੁਲਤਾਨਪੁਰ ਤੋਂ ਪੈਰ ਪੁੱਟਦੇ ਹਨ। ਹੋਰ ਪ੍ਰਚਲਿਤ ਪੰਥਾਂ ਨਾਲ ਵਾਦ-ਸੰਵਾਦ ਇਨ੍ਹਾਂ ਉਦਾਸੀਆਂ ਦਾ ਧੁਰਾ ਹੈ।
ਉਹ ਬਿਖੜੇ ਪੈਂਡੇ, ਥਲ-ਡੂੰਗਰ, ਜੰਗਲ-ਮੈਰੇ, ਨਦੀਆਂ-ਸਰੋਵਰ ਗਵਾਹ ਹਨ ਕਿ ਗੁਰੂ ਨਾਨਕ ‘ਇਹ ਲੋਕ’ ਦਾ ਬੁਲਾਰਾ ਹੈ, ਕਿਰਤ ਦਾ ਕਲਾਕਾਰ ਹੈ, ਅਦੁੱਤੀ ਗਾਵਣਹਾਰਾ ਹੈ!
ਜਨਮ ਸਾਖੀਆਂ ਕਹਿੰਦੀਆਂ ਹਨ ਕਿ ਬਨਾਰਸ ਵਿਚ ਅਕਾਲ ਮੂਰਤ ਬਾਬਾ ਨਾਨਕ ਨੇ ਪੰਡਿਤ ਚਤੁਰ ਦਾਸ ਦੀ ਕਰੁਣਾ ਤੋਂ ਕੋਰੀ ਵਿਦਵਤਾ ਅਤੇ ਸਮਾਜ ਨਾਲੋਂ ਟੁੱਟੀ ਧਾਰਮਿਕਤਾ ਨੂੰ ਬੇਪਰਦ ਕੀਤਾ। ਸਿੱਧਾਂ ਦੇ ਤਿਆਗ ਅਤੇ ਰਿੱਧੀਆਂ-ਸਿੱਧੀਆਂ ਨਾਲੋਂ ਜਗਤ-ਅਖਾੜੇ ਵਿਚ ਨਿਰਲੇਪ ਰਹਿ ਕੇ ਅਗਵਾਈ ਦੇਣ ਦੀ ਗੱਲ ਆਖੀ। ਗੋਰਖਹਟੜੀ ਵਿਚ ਜੋਗੀਆਂ ਦੇ ਯੋਗ ਅਭਿਆਸ ਨਾਲੋਂ ਗ੍ਰਹਿਸਥੀ ਹੋਣ ਨੂੰ ਉੱਤਮ ਦੱਸਿਆ। ਬਾਬਾ ਨਾਨਕ ਇਉਂ ‘ਗੁਰਮੁਖ’ ਬੰਦੇ ਦੀ ਨੁਹਾਰ ਘੜਦੇ ਚਲੇ ਗਏ। ਇਸ ਭੂਗੋਲਿਕ ਅਤੇ ਰੂਹਾਨੀ ਮਹਾ-ਯਾਤਰਾ ਦਾ ਸਿਖਰ ਜਗਨਨਾਥ ਪੁਰੀ ਵਿਚ ਰਚੀ ਆਰਤੀ ਹੈ ਜਿਸ ਵਿਚ ਸਾਰੀ ਕਾਇਨਾਤ ਉਸ ਕਾਦਰ ਦੀ ਆਰਤੀ ਵਿਚ ਲੀਨ ਹੈ।
ਸੰਨ 1525 ਦੇ ਕਰੀਬ ਬਾਬਾ ਨਾਨਕ ਪਰਿਵਾਰ ਸਮੇਤ ਰਾਵੀ ਕੰਢੇ ਵਾਕਿਆ ਕਰਤਾਰਪੁਰ ਆ ਕੇ ਖੇਤੀ ਕਰਨ ਲੱਗੇ। ਹੋਰ ਕਿੱਤਿਆਂ ਦੇ ਕਾਰੀਗਰਾਂ ਵੀ ਵਸੇਬਾ ਕਰ ਲਿਆ ਤਾਂ ਪਿੰਡ ਆਤਮ-ਨਿਰਭਰ ਹੋਣ ਲੱਗਾ। ‘ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ’ ਦੇ ਰਚਣਹਾਰ ਬਾਬਾ ਨਾਨਕ ਦਾ ਵਰੋਸਾਇਆ ‘ਕਿਰਤ ਕਰੋ’ ਦਾ ਆਦਰਸ਼ ਝਰਮਲਦੀਆਂ ਫ਼ਸਲਾਂ ਨਾਲ ਮੌਲਣ ਲੱਗਾ। ਸਾਦਾ ਦਿਲ ਪੰਜਾਬੀਆਂ ਦੇ ਵਲਵਲਿਆਂ, ਉਦਾਸੀਆਂ ਅਤੇ ਖ਼ਾਹਸ਼ਾਂ; ਕਿਰਤੀਆਂ ਦੇ ਮੌਸਮਾਂ ਨਾਲ ਰਿਸ਼ਤੇ ਦਾ ਗੀਤਾਂ ਰਾਹੀਂ ਬਿਆਨ ਕਰਨ ਦੀ ਵਿਧੀ; ਪੰਜਾਬ ਦੀ ਮਸਤਾਨੀ ਧਰਤੀ ਦਾ ਨਿੱਘਾ ਧੜਕਦਾ ਦਿਲ, ਝੂਮਦੇ ਬੇਲੇ, ਲਹਿਰਦੇ ਪਾਣੀ; ਤੇ ‘ਬਨ ਫੂਲੇ ਮੰਝ ਬਾਰਿ’ ਆਖ ਆਪਣੀ ਬਚਪਨ ਦੀ ਧਰਤੀ ਦਾ ਸਿਮਰਣ ਕਰਨ ਦੀ ਗਵਾਹੀ ਬਾਰਮਾਂਹ ਵਿਚੋਂ ਮਿਲਦੀ ਹੈ।
ਬਾਬਾ ਨਾਨਕ ਨੇ ਪੰਜਾਬ ਦਾ ਬਹੁਤ ਜਸ ਗਾਇਆ ਹੈ; ਉਸ ਨੇ ਪੰਜਾਬ ਦੇ ਹੁਸਨ ਨੂੰ ਆਪਣੇ ਹੱਡਾਂ ਤੱਕ ਕਸ਼ੀਦ ਲਿਆ ਤੇ ਸਾਨੂੰ ਪੰਜਾਬੀ ਹੋਣ-ਕਹਾਉਣ ਦੇ ਮਾਣ ਨਾਲ ਸਰਾਬੋਰ ਕਰ ਦਿੱਤਾ। ਪੰਜਾਬੀ ਬੋਲੀ ਵਿਚ ਰਚਨਾ ਕਰਦਿਆਂ ਸਾਨੂੰ ਵਿਚਾਰ ਦੀ ਓਟ ਦਿੱਤੀ, ਵੈਰ ਕਮਾਵਣ ਵਾਲਿਆਂ ਨੂੰ ਸਚਿਆਰ ਕਮਾਉਣ ਦਾ ਸਲੀਕਾ ਦੱਸਿਆ ਅਤੇ ‘ਸਿਰੁ ਦੀਜੈ ਕਾਣਿ ਨ ਕੀਜੈ’ ਦਾ ਸਿਦਕ-ਸਿਰੜ ਹਾਸਲ ਕਰ ਕੇ ਕੂੜ ਦੀ ਸਲਤਨਤ ਖ਼ਿਲਾਫ਼ ਸਿਰ ਤਲੀ ’ਤੇ ਧਰ ਕੇ ਜੂਝਣ ਨੂੰ ‘ਪ੍ਰੇਮ ਖੇਲਣ ਕਾ ਚਾਉ’ ਵਾਂਗ ਧਾਰਨ ਕਰਨ ਦੀ ਹਦਾਇਤ ਦਿੱਤੀ। ਉਨ੍ਹਾਂ ਦੀ ਬਾਣੀ ਦੇ ਦੋ ਅਹਿਮ ਜੁੱਟ ਬਣਦੇ ਹਨ: ਪਹਿਲਾ, ਆਪਣੇ ਦੌਰ ਦੇ ਸਮਾਜਿਕ-ਰਾਜਨੀਤਕ ਹਾਲਾਤ ’ਤੇ ਭਰਵੀਂ ਸੱਟ ਮਾਰਨਾ ਜਿਵੇਂ ਬਾਬਰਵਾਣੀ ਜਾਂ ਵਾਰ ਮਾਝ ਦਾ ਕਲਾਮ। ਦੂਜਾ, ਪ੍ਰਚਲਿਤ ਵਿਚਾਰਕ-ਧਾਰਮਿਕ ਮਾਨਤਾਵਾਂ ਤੋਂ ਹਟ ਕੇ ਆਜ਼ਾਦ, ਨਿਆਰਾ ਵਿਚਾਰਧਾਰਕ ਸਿਆੜ ਕੱਢਣਾ ਜਿਵੇਂ ਜਪੁਜੀ ਸਾਹਿਬ ਦੀ ਰਚਨਾ।
ਨਾਮ ਸਿਮਰਣ ਦਾ ਜ਼ਰੀਆ ਕੀਰਤਨ ਸੀ। ਧਰਮਸਾਲ ਵਿਚ ਗੁਰੂ ਦੀ ਬਾਣੀ ਦਾ ਗਾਇਨ ਸਾਰਿਆਂ ਦੀ ਸਾਂਝ ਨਾਲ ਹੁੰਦਾ ਸੀ। ‘ਜਪੁਜੀ’, ‘ਸੋਦਰੁ’ ਅਤੇ ਸੋਹਿਲਾ, ਅੰਮ੍ਰਿਤ ਵੇਲੇ ਆਸਾ ਦੀ ਵਾਰ ਦਾ ਕੀਰਤਨ ਇਸ ਨਿਤਨੇਮ ਦਾ ਹਿੱਸਾ ਸਨ। ਸਾਰੀ ਸੰਗਤ ਫਿਰ ਅਰਦਾਸ ਵਿਚ ਸ਼ਾਮਲ ਹੁੰਦੀ। ਆਈਆਂ ਸੰਗਤਾਂ ਦੇ ‘ਵੰਡ ਛਕਣ’ ਲਈ ਸਾਰੀਆਂ ਜਾਤਾਂ, ਧਰਮਾਂ, ਵਰਣਾਂ ਲਈ ਦਿਨ ਵਿਚ ਦੋ ਵੇਲੇ ਖੁੱਲ੍ਹਾ ਲੰਗਰ ਵਰਤਦਾ ਸੀ। ਭਾਂਡੇ ਮਾਂਜਣਾ, ਲੰਗਰ ਪਕਾਉਣਾ ਅਤੇ ਵਰਤਾਉਣਾ, ਲੰਗਰ ਦੀ ਜਗ੍ਹਾ ਦੀ ਸਫ਼ਾਈ ਕਰਨ ਨੂੰ ਗੁਰੂ ਦੀ ਸੇਵਾ ਸਮਝਿਆ ਜਾਂਦਾ ਸੀ।
ਵੇਈਂ ਦੇ ਪਾਣੀਆਂ ਦਾ ਸਿੰਜਿਆ, ਉਦਾਸੀਆਂ ਦੀ ਬੁੱਕਲ ਵਿਚ ਪੁੰਗਰਿਆ ਸਿੱਖੀ ਦਾ ਬੂਟਾ ਹੁਣ ਰਾਵੀ ਦੇ ਪੱਤਣ ਨੇੜਲੇ ਕਰਤਾਰਪੁਰ ਵਿਚ ਜੜ੍ਹ ਫੜ ਗਿਆ ਸੀ।
ਕੀਰਤਨ ਵਿਚ ਗਾਏ ਸ਼ਬਦਾਂ ਦੀ ਰਮਜ਼ ਬੁੱਝਣ ਲਈ ਕਥਾ ਜਾਂ ਵਿਆਖਿਆ ਕਰਨ ਲਈ ਸਿੱਖ ਜੁੜ ਬਹਿੰਦੇ। ਕਥਾਕਾਰੀ ਸਦਕਾ ਬਾਬਾ ਨਾਨਕ ਨੇ ਆਪਣੇ ਆਦਰਸ਼ਾਂ ਨੂੰ ਭਰਵਾਂ ਜੁੱਸਾ ਦਿੱਤਾ ਅਤੇ ਸਿੱਖੀ ਦੀਆਂ ਅਹਿਮ ਸੰਸਥਾਵਾਂ ਨੂੰ ਖੜ੍ਹਿਆਂ ਕੀਤਾ। ਨਾਲ ਹੀ ਸ਼ਿਵਰਾਤਰੀ ਮੌਕੇ ਅਚਲ ਬਟਾਲੇ ਦੇ ਜੋਗੀਆਂ ਨੂੰ ਕਰਾਮਾਤਾਂ ਵਿਖਾਉਣ ਅਤੇ ਦਾਨ-ਭਿੱਖਿਆ ਉੱਤੇ ਗੁਜ਼ਾਰਾ ਕਰਨ ਤੋਂ ਵਰਜਿਆ। ਹਉਮੈ ਛੱਡ ਕੇ ਹੁਕਮ ਬੁੱਝਣ ’ਤੇ ਜ਼ੋਰ ਦਿੱਤਾ ਅਤੇ ਸਿਧ ਗੋਸਟਿ ਵਿਚ ਸੱਚੇ ਜੋਗੀ ਦਾ ਨਿਸ਼ਾਨ ਦੱਸਿਆ: ‘ਸੋ ਜੋਗੀ ਗੁਰ ਸਬਦੁ ਪਛਾਣੈ ਅੰਤਰਿ ਕਮਲ ਪ੍ਰਗਾਸ ਥੀਆ॥’ ਮੁਲਤਾਨ ਜਾ ਕੇ ਸ਼ੇਖ਼ ਬਹਾਉੱਦੀਨ ਜ਼ਕਰੀਆ ਦੇ ਗੱਦੀਨਸ਼ੀਨ ਨੂੰ ਪੀਰ ਆਖਣ ਅਤੇ ਲੋਟੂ ਨਿਜ਼ਾਮ ਨਾਲ ਸਾਂਝ ਰੱਖਣ ਬਾਰੇ ਤਿੱਖੇ ਸਵਾਲ ਉਠਾਏ।
ਕਰਤਾਰਪੁਰ ਵਿਚ ਹੀ ਭਾਈ ਲਹਿਣਾ ਨੂੰ ਗੁਰਗੱਦੀ ਸੌਂਪ ਕੇ ਗੁਰੂ ਅੰਗਦ ਦਾ ਨਾਂ ਦਿੱਤਾ, ਮੱਥਾ ਟੇਕਿਆ ਅਤੇ ਭੇਟਾ ਅਰਪਣ ਕੀਤੀ। ‘ਸੱਚ ਧਰਮ’ ਦੀ ਇਸ ਵਾਰਤਾ ਬਾਰੇ ਭਾਈ ਗੁਰਦਾਸ ਕਹਿੰਦੇ ਹਨ:
‘‘ਥਾਪਿਆ ਲਹਿਣਾ ਜੀਂਵਦੇ ਗੁਰਆਈ ਸਿਰ ਛਤ੍ਰ ਫਿਰਾਯਾ।
ਜੋਤੀ ਜੋਤ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਯਾ।’’
ਗੁਰਗੱਦੀ ਦੀ ਲਗਾਤਾਰਤਾ ਦੇ ਨਾਲ-ਨਾਲ ਇਸ ਘਟਨਾ ਦੀ ਅਹਿਮੀਅਤ ਗੁਰੂ ਅਤੇ ਸਿੱਖ ਦੇ ਅਭੇਦ ਹੋਣ ਵਿਚ ਵੀ ਹੈ।
1539 ਵਿਚ ਕੁਦਰਤ ਦੀ ਮਿਹਨਤ ਅਤੇ ਹੁਨਰ ਦਾ ਮੁਜੱਸਮਾ, ਕਿਰਤੀ ਕੀਰਤਨੀਆ, ‘ਨਾਨਕੁ ਸਾਇਰੁ’ ਤਾਜ਼ੇ ਫੁੱਲਾਂ ਦੀ ਵਾਸ਼ਨਾ ਬਣ ਕੇ ਸਾਡੇ ਵਿਚ ਰਮ ਗਿਆ। ਪੰਜਾਬ ਦੀ ਮਿੱਟੀ, ਇਸ ਦੇ ਵਹਿੰਦੇ ਪਾਣੀ, ਵਗਦੀਆਂ ਪੌਣਾਂ, ਨਿੱਸਰਦੀਆਂ ਫ਼ਸਲਾਂ, ਝੂਮਦੇ ਬਿਰਖ ਉਸ ਰਾਹੀਂ ਸਾਰੀ ਦੁਨੀਆਂ ਨਾਲ ਜੁੜੇ ਹੋਏ ਹਨ।
ਸੰਪਰਕ: 94649-84010
Prof Pritam Singh says
Whenever he writes, Sumail writes well