ਵੈਨਕੂਵਰ – ਸ਼ਨੀਵਾਰ ਸਵੇਰੇ ਮੈਟਰੋ ਵੈਨਕੂਵਰ ਦੇ ਕਈ ਹਿੱਸਿਆਂ ‘ਚ ਭਾਰੀ ਮੀਂਹ ਕਾਰਨ ਕਈ ਥਾਂਵਾਂ ‘ਤੇ ਪਾਣੀ ਖੜ੍ਹਾ ਹੋਣ ਕਾਰਨ ਸੜਕਾਂ ਬੰਦ ਕਰਨੀਆਂ ਪਈਆਂ ਹਨ। ਇਲਾਕੇ ਵਿੱਚ ਲੰਘੀ ਰਾਤ ਤੋਂ ਮੀਂਹ ਪੈਣ ਦਾ ਸਿਲਸਿਲਾ ਜਾਰੀ ਹੈ।
ਕੈਨੇਡਾ ਦੇ ਮੌਸਮ ਵਿਭਾਗ ਨੇ ਮੈਟਰੋ ਵੈਨਕੂਵਰ, ਫਰੇਜ਼ਰ ਵੈਲੀ, ਹਾਊ ਸਾਊਂਡ, ਅਤੇ ਵਿਸਲਰ ਲਈ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਹੋਈ ਹੈ।
ਇਲਾਕੇ ਵਿੱਚ 90 ਤੋਂ 150 ਮਿਲੀਮੀਟਰ ਮੀਂਹ ਪੈਣ ਦੀ ਉਮੀਦ ਹੈ, ਅਤੇ ਨਾਰਥ ਸ਼ੋਰ ਪਹਾੜਾਂ ਵਿੱਚ 180 ਮਿਲੀਮੀਟਰ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਬੀ.ਸੀ.ਰਿਵਰ ਫ਼ੋਰਕਾਸਟ ਸੈਂਟਰ ਨੇ ਕੋਕੁਟਲਿਮ ਰਿਵਰ ਵਿੱਚ ‘ਫਲੱਡ ਵਾਚ’ ਦੀ ਚੇਤਾਵਨੀ ਜਾਰੀ ਕੀਤੀ ਹੈ।
ਮੌਸਮ ਦੇ ਪਹਿਲੇ ਤੇਜ਼ ਤੂਫ਼ਾਨ ਨੇ ਸਮੁੱਚੇ ਇਲਾਕੇ ਵਿੱਚ ਹੜ੍ਹਾਂ ਵਰਗੇ ਹਾਲਾਤ ਅਤੇ ਸੜਕਾਂ ਬੰਦ ਹੋਣ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਮੈਟਰੋ ਵੈਨਕੂਵਰ ਵਿੱਚ ਕਈ ਥਾਂਵਾਂ ‘ਤੇ ਸੜਕਾਂ ਬੰਦ ਹੋਣ ਅਤੇ ਪਾਣੀ ਖੜ੍ਹਾ ਹੋਣ ਦੀਆਂ ਖਬਰਾਂ ਮਿਲ ਰਹੀਆਂ ਹਨ।
ਸ਼ਨੀਵਾਰ ਸਵੇਰੇ ਸਰੀ ਵਿੱਚ, 76 ਐਵੇਨਿਊ ਅਤੇ 152 ਸਟ੍ਰੀਟ ‘ਤੇ ਵੱਡੀ ਮਾਤਰਾ ਵਿੱਚ ਪਾਣੀ ਖੜ੍ਹਾ ਹੋ ਜਾਣ ਕਾਰਨ ਸਰੀ ਆਰ.ਸੀ.ਐਮ.ਪੀ. ਨੇ ਇਹ ਇਲਾਕਾ ਬੰਦ ਕਰ ਦਿੱਤਾ ਜਿੱਥੇ ਕਈ ਗੱਡੀਆਂ ਪਾਣੀ ‘ਚ ਫਸ ਗਈਆਂ। ਡਰਾਈਵਰਾਂ ਨੂੰ ਕਿੰਗ ਜਾਰਜ ਬੁਲੇਵਾਰਡ ਅਤੇ 128 ਸਟ੍ਰੀਟ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਪੱਟੁੱਲੋ ਬ੍ਰਿਜ ਦੇ ਦੱਖਣੀ ਹਿੱਸੇ ਦੇ ਨੇੜੇ ਪਾਣੀ ਖੜ੍ਹਾ ਹੋਣ ਕਾਰਨ ਟਰੈਫਿਕ ਪ੍ਰਭਾਵਿਤ ਹੋ ਰਹੀ ਹੈ।
ਭਾਰੀ ਮੀਂਹ ਕਾਰਨ ਬੀ.ਸੀ. ਦੇ ਦੱਖਣੀ ਤਟ ‘ਤੇ ਬਿਜਲੀ ਸਪਲਾਈ ਠੱਪ ਹੋਣ ,ਕਈ ਥਾਂਵਾਂ ‘ਤੇ ਸੜਕ ਹਾਦਸੇ ਵਾਪਰਣ ਕਾਰਨ ਟਰੈਫਿਕ ਵਿੱਚ ਵਿਘਨ ਪੈਣ ਦੀਆਂ ਰਿਪੋਰਟਾਂ ਹਨ। ਭਾਰੀ ਮੀਂਹ ਅਤੇ ਝੱਖੜ ਦੀ ਚਿਤਾਵਨੀ ਦੇ ਮੱਦੇਨਜ਼ਰ ਵੈਨਕੂਵਰ ਸਟੇਨਲੇ ਪਾਰਕ ਵਿੱਚ ਚੱਲਣ ਵਾਲੀ ‘ਭੂਤ ਰੇਲਗੱਡੀ’ ਨੂੰ ਬੰਦ ਕਰ ਦਿੱਤਾ ਗਿਆ ਹੈ। ਬ੍ਰਿਟਿਸ਼ ਕੋਲੰਬੀਆਂ ਸੂਬੇ ਦੇ ਵਸਨੀਕ ਅੱਜ 19 ਅਕਤੂਬਰ ਨੂੰ ਨਵੀਂ ਸੂਬਾਈ ਸਰਕਾਰ ਦੇ ਗਠਨ ਲਈ ਵੋਟਾਂ ਪਾ ਰਹੇ ਹਨ। ਭਾਰੀ ਮੀਂਹ ਅਤੇ ਤੇਜ਼ ਤੂਫ਼ਾਨ ਦਾ ਵੋਟਰਾਂ ਦੀ ਗਿਣਤੀ ‘ਤੇ ਵੀ ਅਸਰ ਪੈ ਸਕਦਾ ਹੈ।