ਸਰੀ, ਬੀ.ਸੀ. – ਸਰੀ ਸਿਟੀ ਪ੍ਰਸ਼ਾਸਨ ਵੱਲੋਂ ਹੈਲੋਵੀਨ ਅਤੇ ਦੀਵਾਲੀ ਮੌਕੇ ਸਰੀ ਵਾਸੀਆਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸਰਗਰਮ ਕਦਮ ਚੁੱਕੇ ਜਾ ਰਹੇ ਹਨ। ਸ਼ਹਿਰ ਵਿੱਚ ਬਿਨਾ ਪਰਮਿਟ ਤੋਂ ਪਟਾਖੇ ਚਲਾਉਣ ਦੀ ਮਨਾਹੀ ਹੈ । ਸ਼ਹਿਰ ਵਿੱਚ ਦੀਵਾਲੀ ਅਤੇ ਹੈਲੋਵੀਨ ਮੌਕੇ ਪਟਾਕਿਆਂ ਨਾਲ ਸਬੰਧਤ ਸਖ਼ਤ ਨਿਯਮਾਂ ਨੂੰ ਲਾਗੂ ਕਰਨ ਲਈ, ਸਿਟੀ ਬਾਈਲਾਅ ਅਧਿਕਾਰੀਆਂ ਵਲੋਂ ਗਸ਼ਤ ਵਧਾਈ ਜਾਵੇਗੀ ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਹੈਲੋਵੀਨ ਅਤੇ ਦੀਵਾਲੀ ਮਨੋਰੰਜਨ ਦਾ ਸਮਾਂ ਹੈ, ਪਰ ਸੁਰੱਖਿਆ ਨੂੰ ਹਮੇਸ਼ਾ ਪਹਿਲ ਦਿੱਤੀ ਜਾਣੀ ਚਾਹੀਦੀ ਹੈ।” ਸਰੀ ਵਾਸੀਆਂ ਅਤੇ ਪਾਲਤੂ ਜਾਨਵਰਾਂ ਨੂੰ ਸੁਰੱਖਿਅਤ ਅਤੇ ਖੁਸ਼ਹਾਲ ਹੈਲੋਵੀਨ ਤੇ ਦੀਵਾਲੀ ਮਨਾਉਣ ਵਿੱਚ ਮੱਦਦ ਕਰਨ ਲਈ, ਸਰੀ ਬਾਈਲਾਅ ਅਧਿਕਾਰੀ ਆਤਿਸ਼ਬਾਜ਼ੀ ਦੀ ਅਣਅਧਿਕਾਰਤ ਵਰਤੋਂ ਨੂੰ ਰੋਕਣ ਲਈ ਤਿਆਰ ਹੋਣਗੇ। ਪਟਾਕਿਆਂ ਦੀ ਗੈਰ-ਕਾਨੂੰਨੀ ਵਰਤੋਂ ਲਈ ਜੁਰਮਾਨੇ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ ਮੈਂ ਸਾਰਿਆਂ ਨੂੰ ਜ਼ਿੰਮੇਵਾਰੀ ਨਾਲ ਜਸ਼ਨ ਮਨਾਉਣ ਲਈ ਉਤਸ਼ਾਹਿਤ ਕਰਦੀ ਹਾਂ”।
ਬਾਈਲਾਅ ਅਧਿਕਾਰੀ, ਸਰਗਰਮੀ ਨਾਲ ਪੂਰੇ ਸ਼ਹਿਰ ਵਿੱਚ ਪਟਾਕਿਆਂ ਦੀ ਗਤੀਵਿਧੀ ਦੀ ਜਾਂਚ ਕਰਨਗੇ ਅਤੇ,ਆਤਿਸ਼ਬਾਜ਼ੀ ਦੀ ਜਿਆਦਾ ਵਰਤੋਂ ਦੀਆਂ ਰਿਪੋਰਟਾਂ ਵਾਲੇ ਇਲਾਕਿਆਂ ਵਿੱਚ ਵੱਧ ਅਫਸਰ ਤਾਇਨਾਤ ਹੋਣਗੇ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਟਿਕਟਾਂ ਜ਼ਾਰੀ ਕੀਤੀਆਂ ਜਾਣਗੀਆਂ ਅਤੇ ਲੋੜ ਅਨੁਸਾਰ RCMP ਦੀ ਮੱਦਦ ਵੀ ਲਈ ਜਾਏਗੀ ।ਪਿਛਲੇ ਸਾਲ, ਬਾਈਲਾਅ ਅਫਸਰਾਂ ਨੇ 500 ਤੋਂ ਵੱਧ ਸਥਾਨਾਂ ਦਾ ਦੌਰਾ ਕੀਤਾ ਅਤੇ ਲੱਗਭਗ 150 ਟਿਕਟਾਂ ਜਾਰੀ ਕੀਤੀਆਂ ਸਨ।
ਹੇਲੋਵੀਨ ਅਤੇ ਦੀਵਾਲੀ ‘ਤੇ ਅਕਸਰ ਅਣਅਧਿਕਾਰਤ ਪਟਾਕਿਆਂ ਵਿੱਚ ਵਾਧਾ ਹੁੰਦਾ ਹੈ, ਜਿਸ ਨਾਲ ਜਾਨਵਰਾਂ ਨੂੰ ਸੱਟਾਂ ਲੱਗ ਸਕਦੀਆਂ ਹਨ, ਜਾਇਦਾਦ ਦਾ ਨੁਕਸਾਨ ਅਤੇ ਪਰੇਸ਼ਾਨੀ ਹੋ ਸਕਦੀ ਹੈ। ਜਿਸਦੇ ਮੱਦੇਨਜ਼ਰ, ਇਸ ਮਹੀਨੇ ਦੇ ਸ਼ੁਰੂ ਵਿੱਚ, ਸਰੀ ਸਿਟੀ ਕੌਂਸਲ ਨੇ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ ਨਾਲ ਸਬੰਧਤ ਜ਼ੁਰਮਾਨੇ ਵਧਾ ਦਿੱਤੇ ਸਨ। ਗੈਰ-ਕਾਨੂੰਨੀ ਪਟਾਕਿਆਂ ਦੀ ਵਰਤੋਂ ਨੂੰ ਰੋਕਣ ਲਈ, ਨਵੇਂ ਪੇਸ਼ ਕੀਤੇ ਗਏ ਜ਼ੁਰਮਾਨੇ ਹੇਠ ਲਿਖੇ ਅਨੁਸਾਰ ਹੋਣਗੇ ।
- ਆਤਿਸ਼ਬਾਜ਼ੀ ਬਾਈਲਾਅ: ਘੱਟੋ-ਘੱਟ $400 ਜ਼ੁਰਮਾਨਾ,ਤੇ ਵੱਧ ਤੋਂ ਵੱਧ $50,000 ਜ਼ੁਰਮਾਨਾ।
- ਮਿਉਂਸੀਪਲ ਟਿਕਟ ਜਾਣਕਾਰੀ (MTI): ਵੱਧ ਤੋਂ ਵੱਧ $1,000 ਜ਼ੁਰਮਾਨਾ।
- ਬਾਈਲਾਅ ਇਨਫੋਰਸਮੈਂਟ ਨੋਟਿਸ (BEN): ਵੱਧ ਤੋਂ ਵੱਧ $450 ਜ਼ੁਰਮਾਨਾ।
ਕਾਰਪੋਰੇਟ ਸਰਵਿਸਿਜ਼ ਦੇ ਜਨਰਲ ਮੈਨੇਜਰ ਜਤਿੰਦਰ ਸਿੰਘ ਜੋਏ ਬਰਾੜ ਨੇ ਕਿਹਾ, “ਸਾਡੇ ਬਾਈਲਾਅ ਅਧਿਕਾਰੀ, ਸਰੀ ਵਾਸੀਆਂ ਦੀਆਂ ਭਾਵਨਾਵਾਂ ਤੇ ਸੁਰੱਖਿਆ ਦੀ ਕਦਰ ਕਰਦੇ ਹੋਏ, ਹੀ ਗਸ਼ਤ ਵਧਾ ਰਹੇ ਹਨ । ਆਉ ਇਹ ਯਕੀਨੀ ਬਣਾਉਣ ਲਈ ਮਿਲ ਕੇ ਕੰਮ ਕਰੀਏ ਕਿ ਸਾਡੇ ਜਸ਼ਨ ਆਨੰਦਮਈ, ਸੁਰੱਖਿਅਤ ਅਤੇ ਨਿਯਮਾਂ ਦੇ ਅਨੁਸਾਰ ਹਨ, ਜੋ ਸਾਨੂੰ ਸਾਰਿਆਂ ਨੂੰ ਸੁਰੱਖਿਅਤ ਰੱਖਦੇ ਹਨ।”
ਅਣਅਧਿਕਾਰਤ ਪਟਾਕਿਆਂ ਦੀ ਵਰਤੋਂ ਬਾਰੇ ਰਿਪੋਰਟ ਕਰਨ ਦੀ ਲਈ ਸਰੀ ਬਾਈਲਾਅ ਇਨਫੋਰਸਮੈਂਟ ਟੀਮ ਨਾਲ 604-591-4370 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Avtar Gill says
Right decision