ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਡਾ. ਮਨਮੋਹਨ ਸਿੰਘ ਜੀ ਦੇ ਭੋਗ ਅਤੇ ਅੰਤਿਮ ਅਰਦਾਸ ‘ਤੇ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਹਨਾਂ ਨੇ ਡਾ. ਮਨਮੋਹਨ ਸਿੰਘ ਜੀ ਦੁਆਰਾ ਦੇਸ਼ ਅਤੇ ਪੰਜਾਬ ਹਿੱਤ ਲਈ ਲਏ ਫ਼ੈਸਲਿਆਂ ਨੂੰ ਯਾਦ ਕੀਤਾ।ਉਨ੍ਹਾਂ ਕਿਹਾ “ਦੁਨੀਆ ਭਰ ‘ਚ ਸਿੱਖਾਂ ਦੀ ਛਵੀ ਨੂੰ ਵੱਡਾ ਮਾਣ-ਸਨਮਾਨ ਦਿਵਾਉਣ ਲਈ ਡਾਕਟਰ ਸਾਬ੍ਹ ਦਾ ਯੋਗਦਾਨ ਇਤਿਹਾਸ ਦੇ ਸੁਨਹਿਰੀ ਪੰਨਿਆਂ ‘ਤੇ ਦਰਜ ਰਹੇਗਾ।”
ਬਾਜਵਾ ਨੇ ਯਾਦਗਾਰ ਬਣਾਉਣ ਦੀ ਕੀਤੀ ਮੰਗ
ਡਾਕਟਰ ਮਨਮੋਹਨ ਸਿੰਘ ਦੇ ਭੋਗ ਸਮਾਗਮ ਵਿੱਚ ਸ਼ਾਮਲ ਹੋਏ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, “ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅੱਜ ਭਾਰਤ ਸਰਕਾਰ ਦਾ ਕੋਈ ਵੀ ਉੱਚ ਨੁਮਾਇੰਦਾ ਡਾ: ਮਨਮੋਹਨ ਸਿੰਘ ਦੇ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਨਹੀਂ ਹੋਇਆ। ਸਾਨੂੰ ਉਮੀਦ ਸੀ ਕਿ ਕੋਈ ਆ ਕੇ ਉਨ੍ਹਾਂ ਦੀ ਯਾਦਗਾਰ ਬਾਰੇ ਗੱਲ ਕਰੇਗਾ।” ਡਾ: ਮਨਮੋਹਨ ਸਿੰਘ ਉਹ ਵਿਅਕਤੀ ਹਨ ਜਿਨ੍ਹਾਂ ਨੇ 26 ਕਰੋੜ ਲੋਕਾਂ ਨੂੰ ਗ਼ਰੀਬੀ ਰੇਖਾ ਤੋਂ ਉੱਪਰ ਉਠਾਇਆ, ਇਸ ਲਈ ਸਾਡੀ ਇਹ ਮੰਗ ਹੈ ਕਿ ਸਰਕਾਰ ਉਨ੍ਹਾਂ ਦੀ ਯਾਦਗਾਰ ਬਣਾਈ ਜਾਵੇ।”
ਅਕਾਲੀ ਦਲ ਨੇ ਹਰਿਮੰਦਰ ਸਾਹਿਬ ਕੰਪਲੈਕਸ ਵਿੱਚ ਤਸਵੀਰ ਲਗਾਉਣ ਦਾ ਕੀਤਾ ਐਲਾਨ
ਸ਼੍ਰੋਮਣੀ ਅਕਾਲੀ ਦਲ ਨੇ ਡਾ. ਮਨਮੋਹਨ ਸਿੰਘ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਕਰਵਾਉਣ ਦਾ ਫੈਸਲਾ ਕੀਤਾ ਹੈ, ਜਿਸ ਦੀ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ ।ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਡਾ. ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਨਾਲ ਦੁੱਖ ਸਾਂਝਾ ਕੀਤਾ। ਅਕਾਲੀ ਦਲ ਨੇ ਡਾ. ਮਨਮੋਹਨ ਸਿੰਘ ਦੀਆਂ ਪੰਜਾਬ ਪ੍ਰਤੀ ਸੇਵਾਵਾਂ ਨੂੰ ਯਾਦ ਕਰਦਿਆਂ ਹਰਿਮੰਦਰ ਸਾਹਿਬ ਕੰਪਲੈਕਸ ਵਿਖੇ ਅਜਾਇਬ ਘਰ ਵਿਚ ਉਨ੍ਹਾਂ ਦੀ ਤਸਵੀਰ ਲਗਾਉਣ ਦੀ ਵੀ ਐਲਾਨ ਕੀਤਾ ਹੈ । ਅਕਾਲੀ ਆਗੂ ਸੁਖਬੀਰ ਬਾਦਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਬਾਦਲ ਪਰਿਵਾਰ ਨਾਲ ਬਹੁਤ ਨੇੜਲੇ ਸਬੰਧ ਸਨ। ਡਾ. ਮਨਮੋਹਨ ਸਿੰਘ ਦੇ ਪਿਤਾ ਨੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਕਰਾਉਣ ਲਈ ਜੇਲ੍ਹ ਯਾਤਰਾ ਵੀ ਕੀਤੀ । ਡਾ. ਸਾਹਿਬ ਖੁਦ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਵੀ ਰਹੇ ਸਨ।
ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਵੱਲੋਂ ਸ਼ਰਧਾਂਜਲੀ ਭੇਟ
ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਡਾ. ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ. ਮਨਮੋਹਨ ਸਿੰਘ ਨੇ ਭਾਰਤ ਦੀ ਡਾਵਾਂਡੋਲ ਆਰਥਿਕਤਾ ਨੂੰ ਮੁੜ ਲੀਹ ਤੇ ਲਿਆਉਣ ਲਈ ਯੋਜਨਾਵਾਂ ਬਣਾਈਆਂ।ਉਨ੍ਹਾਂ ਨੇ ਸਮੁੱਚੀ ਦੁਨੀਆ ਵਿੱਚ ਦਸਤਾਰ ਦੀ ਸ਼ਾਨ ਵਧਾਈ । ਉਨ੍ਹਾਂ ਦੀਆਂ ਸੇਵਾਵਾਂ ਨੂੰ ਸਦਾ ਯਾਦ ਰੱਖਿਆ ਜਾਵੇਗਾ। ਗੁਰੂ ਸਾਹਿਬ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।