ਨਵੀਂ ਦਿੱਲੀ – ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਥਾਪੜਾ ਮਿਲ ਗਿਆ ਹੈ। ਪੰਜਾਬੀ ਗਾਇਕੀ ਵਿੱਚ ਖ਼ਾਸ ਮੁਕਾਮ ਹਾਸਲ ਕਰ ਚੁੱਕਿਆ ਅਤੇ ਲਗਾਤਾਰ ਸਫਲਤਾ ਦੇ ਝੰਡੇ ਗੱਡਦਾ ਜਾ ਰਿਹਾ ਦਿਲਜੀਤ ਦੋਸਾਂਝ ਨਵੇਂ ਸਾਲ ਦੇ ਪਹਿਲੇ ਹੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਵਿੱਚ ਸਫ਼ਲ ਹੋ ਗਿਆ ਹੈ। ਆਪਣੀ ਇਸ ਮੁਲਾਕਾਤ ਦੌਰਾਨ ਦਿਲਜੀਤ ਦੋਸਾਂਝ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਲਾ, ਸੰਗੀਤ, ਸੱਭਿਆਚਾਰ ਅਤੇ ਯੋਗਾ ਬਾਰੇ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਇੱਕ ਪਿੰਡ ਦਾ ਮੁੰਡਾ ਆਪਣੀ ਕਲਾ ਦੇ ਬਲਬੂਤੇ ਦੁਨੀਆਂ ਭਰ ਵਿੱਚ ਮਸ਼ਹੂਰ ਹੋ ਜਾਂਦਾ ਹੈ ਤਾਂ ਬਹੁਤ ਖੁਸ਼ੀ ਹੁੰਦੀ ਹੈ । ਦਿਲਜੀਤ ਦੀ ਤਾਰੀਫ਼ ਕਰਦਿਆਂ ਮੋਦੀ ਨੇ ਕਿਹਾ, “ਤੁਹਾਡੇ ਮਾਪਿਆਂ ਨੇ ਦਿਲਜੀਤ ਨਾਮ ਰੱਖਿਆ, ਤੁਸੀਂ ਤਾਂ ਦੁਨੀਆਂ ਭਰ ਦੇ ਲੋਕਾਂ ਦੇ ਦਿਲ ਜਿੱਤਦੇ ਜਾ ਰਹੇ ਹੋ ।”
ਦਿਲਜੀਤ ਨੇ ਕਿਹਾ ਕਿ ਉਸਨੇ ਛੋਟੇ ਹੁੰਦਿਆਂ “ਭਾਰਤ ਮਹਾਨ” ਸ਼ਬਦ ਪੜ੍ਹਿਆ ਸੀ ਪਰ ਹੁਣ ਭਾਰਤ ਭਰ ਵਿੱਚ ਘੁੰਮ ਕੇ ਅਹਿਸਾਸ ਹੋਇਆ ਕਿ ਅਜਿਹਾ ਕਿਉਂ ਕਹਿੰਦੇ ਹਨ।
ਦਿਲਜੀਤ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਯੋਗਾ ਬਾਰੇ ਗੱਲਬਾਤ ਕਰਦਿਆਂ ਭਾਰਤ ਦੀ ਦੁਨੀਆਂ ਨੂੰ ਇਸ ਮਹਾਨ ਦੇਣ ‘ਤੇ ਫ਼ਖਰ ਮਹਿਸੂਸ ਕੀਤਾ। ਜਿਸਦੇ ਜੁਆਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਯੋਗਾ ਕਰਦਾ ਹੈ ਉਹ ਹੀ ਇਸਦੀ ਤਾਕਤ ਨੂੰ ਪਛਾਣ ਸਕਦਾ ਹੈ।
ਦਿਲਜੀਤ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਇਸ ਮੁਲਾਕਾਤ ਦੇ ਵਡੇਰੇ ਅਰਥ ਨਿਕਲਦੇ ਹਨ । ਇਹ ਮੁਲਾਕਾਤ ਨਵੇਂ ਸਾਲ ਦੇ ਪਹਿਲੇ ਦਿਨ ਉਸ ਵੇਲੇ ਹੋਈ ਜਦੋਂ ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅ ਪ੍ਰੋਗਰਾਮਾਂ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ। ਦਿਲਜੀਤ ਨੂੰ ਆਪਣੇ ਪ੍ਰੋਗਰਾਮਾਂ ਦੌਰਾਨ ਬੱਚਿਆਂ ਨੂੰ ਸਟੇਜ ‘ਤੇ ਨਾ ਬੁਲਾਉਣ ਅਤੇ ਸ਼ਰਾਬ ਨੂੰ ਪ੍ਰਮੋਟ ਕਰਨ ਵਾਲੇ ਗੀਤ ਨਾ ਗਾਉਣ ਦੀਆਂ ਨਸੀਹਤਾਂ ਦਿੱਤੀਆਂ ਜਾ ਰਹੀਆਂ ਹਨ। ਦਿਲਜੀਤ ਦੇ ਕੁਝ ਦਿਨ ਪਹਿਲਾਂ ਹੀ ਚੰਡੀਗੜ੍ਹ ਵਿੱਚ ਹੋਏ ਸਟੇਜ ਸ਼ੋਅ ਤੋਂ ਬਾਅਦ ਪ੍ਰਬੰਧਕਾਂ ਨੂੰ ਨੋਟਿਸ ਵੀ ਕੱਢਿਆ ਗਿਆ ਹੈ । ਹੋਰ ਤਾਂ ਹੋਰ ਦਿਲਜੀਤ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ‘PANJAB’ ਪੋਸਟ ਕਰਨ ‘ਤੇ ਵੀ ਬਹਿਸ ਛਿੜੀ ਰਹੀ, ਅਤੇ ਉਸਨੂੰ ‘ਗਦਾਰ’ ਤੱਕ ਵੀ ਐਲਾਨੀਆ ਗਿਆ!
ਅਜਿਹੇ ਮਾਹੌਲ ਦਰਮਿਆਨ ਦਿਲਜੀਤ ਦੋਸਾਂਝ ਦੀ ਪ੍ਰਧਾਨ ਮੰਤਰੀ ਨਾਲ ਮਿਲਣੀ ਦੇ ਬੜੇ ਦੂਰ ਰਸੀ ਨਤੀਜੇ ਨਿਕਲਣਗੇ।ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿਲਜੀਤ ਦੋਸਾਂਝ ਨੂੰ ਮਿਲਿਆ ਥਾਪੜਾ ਦਿਲਜੀਤ ਦੇ ਰਾਹ ਵਿੱਚ ਅੜਿੱਕੇ ਖੜ੍ਹੇ ਕਰਨ ਵਾਲਿਆਂ ਲਈ ਇਕ ਵੱਡਾ ਸੁਨੇਹਾ ਹੈ। ਇਹ ਮੁਲਾਕਾਤ ਦਿਲਜੀਤ ਦੀ ‘ਉੱਪਰ ਤੱਕ ਪਹੁੰਚ’ ਦੀ ਸੂਚਕ ਵੀ ਹੈ।
ਆਪਣੇ ਹੱਥਾਂ ਵਿੱਚ ਰੰਗ ਬਰੰਗੇ ਫੁੱਲਾਂ ਦਾ ਗੁਲਦਸਤਾ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਪਹੁੰਚੇ ਦਿਲਜੀਤ ਦੋਸਾਂਝ ਨੇ ਇਸ ਮੁਲਾਕਾਤ ਦੌਰਾਨ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਵੀ ਗੁਣਗਾਣ ਕੀਤਾ।
Test says
ਮੋਦੀ ਤੱਕ ਤਾਂ ਠੀਕ ਹੈ, ਨਿਰਮਲੀ ਤਾਈ ਨੂੰ ਮਿਲਣ ਨਾ ਚਲਾ ਜਾਵੀਂ | ਉਸਨੇ ਬਚਿਆ ਖੁਚਿਆ ਪੈਸਾ ਵੀ ਖੋਹ ਲੈਣਾ ਟੈਕਸ ਦੇ ਚੱਕਰਵਿਊ ਵਿੱਚ ਫਸਾ ਕੇ |