ਸਰੀ – ਕੈਨੇਡਾ ਦੀ ਨਾਮਵਰ ਸ਼ਖਸੀਅਤ ਸ. ਗਿਆਨ ਸਿੰਘ ਗਿੱਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਕੱਲ੍ਹ ਉਨ੍ਹਾਂ ਦਾ 31 ਸਾਲਾ ਬੇਟਾ ਅਰਸ਼ਜੋਤ ਸਿੰਘ ਗਿੱਲ ਅਚਾਨਕ ਸਦੀਵੀ ਵਿਛੋੜਾ ਦੇ ਗਿਆ।
ਸ. ਗਿਆਨ ਗਿੱਲ ਪਿਛਲੇ ਕਈ ਸਾਲਾਂ ਤੋਂ ਸਰੀ ਦੇ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ ਵਿਖੇ ਪ੍ਰਬੰਧਕੀ ਸੇਵਾਵਾਂ ਨਿਭਾਉਂਦੇ ਆ ਰਹੇ ਹਨ। ਉਨ੍ਹਾ ਦੀ ਸੁਯੋਗ ਅਗਵਾਈ ਵਿੱਚ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਦੀ ਸ਼ਲਾਘਾ ਹੁੰਦੀ ਰਹੀ ਹੈ। ਉਨ੍ਹਾਂ ਦੀ ਪ੍ਰਬੰਧਕੀ ਕੁਸ਼ਲਤਾ ਸਦਕਾ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ ਵੱਲੋਂ ਸਰੀ ਵਿੱਚ ਹਰ ਸਾਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਭਾਰੀ ਨਗਰ ਕੀਰਤਨ ਸਜਾਏ ਜਾਂਦੇ ਰਹੇ ਹਨ।
ਸ. ਗਿਆਨ ਸਿੰਘ ਗਿੱਲ ਦੇ ਦੋ ਬੇਟੇ ਹਨ। ਵੱਡਾ ਬੇਟਾ ਵਿਆਹਿਆ ਹੋਇਆ ਹੈ। ਅਰਸ਼ਜੋਤ ਸਿੰਘ ਗਿੱਲ ਉਨ੍ਹਾਂ ਦਾ ਛੋਟਾ ਬੇਟਾ ਸੀ। ਆਪਣੇ ਲਖਤ-ਏ-ਜਿਗਰ ਦੇ ਭਰ ਜੁਆਨੀ ਵਿੱਚ ਅਚਾਨਕ ਸਦਾ ਲਈ ਤੁਰ ਜਾਣ ਮਗਰੋਂ ਸ. ਗਿੱਲ ਡੂੰਘੇ ਸਦਮੇ ਵਿੱਚ ਹਨ। ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ,ਸ. ਗਿੱਲ ਦੇ ਸਮੂਹ ਸੰਗੀ ਸਾਥੀ, ਰਿਸ਼ਤੇਦਾਰ ਅਤੇ ਦੋਸਤ ਮਿੱਤਰ ਉਨ੍ਹਾ ਨਾਲ ਦੁੱਖ ਵੰਡਾ ਰਹੇ ਹਨ।
ਅਰਸ਼ਜੋਤ ਸਿੰਘ ਗਿੱਲ ਜਿਸਨੇ ਜ਼ਿੰਦਗੀ ਵਿੱਚ ਅਜੇ ਕਈ ਹੋਰ ਮੰਜ਼ਿਲਾਂ ਸਰ ਕਰਨੀਆਂ ਸਨ, ਦੇ ਬੇਵਕਤ ਵਿਛੋੜੇ ਨੇ ਕੈਨੇਡਾ ਵੱਸਦੇ ਸਿੱਖ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਰਸ਼ਜੋਤ ਸਿੰਘ ਗਿੱਲ ਦਾ ਅੰਤਿਮ ਸਸਕਾਰ ਰਿਵਰ ਸਾਈਡ ਫਿਊਨਰਲ ਹੋਮ ਡੈਲਟਾ ਵਿਖੇ 1 ਮਾਰਚ ਨੂੰ ਬਾਅਦ ਦੁਪਹਿਰ 2:00 ਵਜੇ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਵਿਖੇ 4:00 ਵਜੇ ਹੋਵੇਗੀ ।
Comments