ਬਟਾਲਾ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਬਟਾਲਾ ਵਿਖੇ ਸਹਿਕਾਰੀ ਸ਼ੂਗਰ ਮਿਲ ਵਿੱਚ 3500 TCD ਸਮਰੱਥਾ ਦੇ ਪਲਾਂਟ ਅਤੇ ਬਾਇਓ CNG ਪਲਾਂਟ ਦਾ ਉਦਘਾਟਨ ਕੀਤਾ। ਇਸ ਪਲਾਂਟ ਵਿੱਚ ਸਭ ਤੋਂ ਅਤਿ-ਆਧੁਨਿਕ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਹਾਲੇ ਪਿਛਲੇ ਮਹੀਨੇ ਹੀ ਗੰਨੇ ਦੀ ਫ਼ਸਲ ਦਾ ਭਾਅ ਵਧਾ ਕੇ ₹401 ਪ੍ਰਤੀ ਕੁਇੰਟਲ ਕੀਤਾ ਗਿਆ ਹੈ।
ਇਸ ਖਾਸ ਮੌਕੇ ‘ਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਇਸ ਮਿੱਲ ਨੂੰ ਅਤਿ-ਆਧੁਨਿਕ ਮਸ਼ੀਨਰੀ ਨਾਲ਼ ਲੈਸ ਕੀਤਾ ਗਿਆ ਹੈ ਜਿਸ ਨਾਲ 35 ਲੱਖ ਕੁਇੰਟਲ ਗੰਨੇ ਦੀ ਪ੍ਰੋਸੈਸਿੰਗ ਹੋਵੇਗੀ ਅਤੇ ਬਟਾਲਾ ਦੇ ਗੰਨਾ ਕਾਸ਼ਤਕਾਰਾਂ ਨੂੰ ਬਹੁਤ ਵੱਡਾ ਲਾਭ ਮਿਲੇਗਾ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਟਾਲਾ ਦੀ ਇਸ ਖੰਡ ਮਿੱਲ ਦੀ ਸਮਰੱਥਾ ਵਧਣ ਅਤੇ ਕੋ-ਜਨਰੇਸ਼ਨ ਪ੍ਰੋਜੈਕਟ ਲੱਗਣ ਨਾਲ ਜਿੱਥੇ ਇਲਾਕੇ ਦੇ ਕਿਸਾਨਾਂ ਨੂੰ ਲਾਭ ਹੋਵੇਗਾ ਉੱਥੇ ਹੀ ਨੌਜਵਾਨਾਂ ਨੂੰ ਰੁਜ਼ਗਾਰ ਵੀ ਮਿਲੇਗਾ। ਹੁਣ ਕਿਸਾਨਾਂ ਨੂੰ ਆਪਣਾ ਗੰਨਾ ਦੂਰ ਦੀਆਂ ਮਿੱਲਾਂ ‘ਚ ਨਹੀਂ ਲਿਜਾਣਾ ਪਵੇਗਾ, ਇਲਾਕੇ ‘ਚ ਹੀ ਗੰਨੇ ਦੀ ਕਾਸ਼ਤ ਨੂੰ ਹੁੰਗਾਰਾ ਮਿਲੇਗਾ ਤੇ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਮਜ਼ਬੂਤ ਹੋਵੇਗੀ। ਪੰਜਾਬ ਦੀ ਖੇਤੀ ਨੂੰ ਮਜ਼ਬੂਰੀ ਦੇ ਧੰਦੇ ‘ਚੋਂ ਕੱਢ ਕੇ ਲਾਹੇਵੰਦ ਧੰਦਾ ਬਣਾਉਣ ਲਈ ਕਿਸਾਨਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਅਸੀਂ ਕਿਸਾਨ ਅਤੇ ਕਿਰਸਾਨੀ ਨੂੰ ਪੈਰਾਂ ‘ਤੇ ਖੜ੍ਹਾ ਕਰਨ ਲਈ ਹਰ ਸੰਭਵ ਯਤਨ ਕਰ ਰਹੇ ਹਾਂ।ਉਨ੍ਹਾ ਕਿਹਾ ਕਿ ਪੰਜਾਬ ਹੁਣ ਸਿਰਫ਼ ਭਾਰਤ ਵਿੱਚ ਹੀ ਨਹੀਂ, ਬਲਕਿ ਸਾਰੀ ਦੁਨੀਆ ਵਿੱਚ ਸਭ ਤੋਂ ਵੱਧ ਗੰਨੇ ਦਾ ਭਾਅ ਦੇਣ ਵਾਲਾ ਸੂਬਾ ਬਣ ਗਿਆ ਹੈ।