ਸਰੀ – ਸਿਟੀ ਆਫ਼ ਸਰੀ ਨੇ 18 ਨਵੰਬਰ ਨੂੰ ਇੱਕ ਨਵਾਂ ਮਲਟੀ-ਫੈਮਿਲੀ ਅਤੇ ਕਮਰਸ਼ੀਅਲ ਬਿਲਡਿੰਗ ਪਰਮਿਟ ਪੋਰਟਲ ਲਾਂਚ ਕੀਤਾ ਹੈ । ਜਿਸ ਵਿੱਚ ਸਿਟੀ ਵਲੋਂ ਪਹਿਲਾਂ ਦਿੱਤੀਆਂ ਜਾ ਰਹੀਆਂ ਔਨਲਾਈਨ ਸੇਵਾਵਾਂ ਇਲੈਕਟ੍ਰੀਕਲ, ਪਲੰਬਿੰਗ, ਅਤੇ ਸਾਈਨ ਪਰਮਿਟਾਂ ਤੋਂ ਇਲਾਵਾ ਹੁਣ ਮਲਟੀ-ਫੈਮਿਲੀ ਅਤੇ ਇੰਡਸਟਰੀਅਲ ਬਿਲਡਿੰਗ ਪਰਮਿਟਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿ ਸਿਟੀ ਦੀ ਹਾਊਸਿੰਗ ਐਕਸੇਲੇਟਰ ਫੰਡ (HAF) ਐਕਸ਼ਨ ਯੋਜਨਾ ਦੇ ਉਦੇਸ਼ ਨੂੰ ਵੀ ਪੂਰਾ ਕਰਦਾ ਹੈ।
ਮੇਅਰ ਬਰੈਂਡਾ ਲੌਕ ਨੇ ਕਿਹਾ, “ਮਲਟੀ-ਫੈਮਿਲੀ ਅਤੇ ਕਮਰਸ਼ੀਅਲ ਬਿਲਡਿੰਗ ਪਰਮਿਟ ਪੋਰਟਲ ਦੀ ਸ਼ੁਰੂਆਤ ਸਰੀ ਸ਼ਹਿਰ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ।” ਇਹ ਨਵੀਨਤਾਕਾਰੀ ਔਨਲਾਈਨ ਸਿਸਟਮ, ਪਰਮਿਟ ਪ੍ਰਣਾਲੀ ਵਿੱਚ ਸੁਧਾਰ ਕਰਨ ਅਤੇ ਪਾਰਦਰਸ਼ਤਾ ਵਧਾਉਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਤਕਨਾਲੋਜੀ ਨੂੰ ਅਪਨਾ ਕੇ,ਅਸੀਂ ਪਰਮਿਟ ਪ੍ਰਵਾਨਗੀਆਂ ਨੂੰ ਸੁਚਾਰੂ ਬਣਾ ਲੋਕਾਂ ਨੂੰ ਵਧੀਆ ਤਜ਼ਰਬਾ ਦੇਣ ਤੋਂ ਇਲਾਵਾ, ਸ਼ਹਿਰ ਵਿੱਚ ਹੋਰ ਰਿਹਾਇਸ਼ੀ ਵਿਕਲਪਾਂ ਲਈ ਰਾਹ ਪੱਧਰਾ ਕਰ ਰਹੇ ਹਾਂ। ਇਕੱਠੇ ਮਿਲ ਕੇ, ਅਸੀਂ ਹਾਊਸਿੰਗ ਐਕਸ਼ਨ ਯੋਜਨਾ ਵਿੱਚ ਦਰਸਾਏ ਆਪਣੇ ਟੀਚਿਆਂ ਵੱਲ ਮਹੱਤਵਪੂਰਨ ਕਦਮ ਚੁੱਕਦੇ ਯਕੀਨੀ ਬਣਾ ਰਹੇ ਹਾਂ, ਕਿ ਸਰੀ ਹਰ ਕਿਸੇ ਲਈ ਪਹੁੰਚਯੋਗ ਸਥਾਨ ਬਣਿਆ ਰਹੇ।”
ਪਲੈਨਿੰਗ & ਡਿਵੈਲਪਮੈਂਟ ਕਲਾਂਇਟ ਸਰਵਿਸਜ਼ ਸੈਂਟਰ, ਵਿੱਚ ਰਜਿਸਟਰ ਕਰਨ ਤੋਂ ਬਾਅਦ ਮਲਟੀ-ਫੈਮਿਲੀ ਅਤੇ ਕੰਪਲੈਕਸ ਬਿਲਡਿੰਗ (ਵਪਾਰਕ, ਉਦਯੋਗਿਕ, ਸੰਸਥਾਗਤ ਅਤੇ ਟੇਨੈਂਟ ਇੰਪਰੂਵਮੇੰਟ ਇਮਾਰਤਾਂ) ਪਰਮਿਟ ਬਿਨੈਕਾਰਾਂ ਨੂੰ ਇਹਨਾਂ ਬਾਰੇ ਪਤਾ ਲੱਗ ਸਕੇਗਾ:
- ਉਹਨਾਂ ਦੀ ਪਰਮਿਟ ਸਥਿਤੀ ਬਾਰੇ ਅਸਲ-ਸਮੇਂ ਦੇ ਅੱਪਡੇਟ;
- ਯੋਜਨਾ ਸਮੀਖਿਆ ਵਿੱਚ ਕਮੀਆਂ ਬਾਰੇ ਵਿਸਥਾਰ ਜਾਣਕਾਰੀ;
- ਕੋਈ ਵੀ ਬਕਾਇਆ ਭੁਗਤਾਨ ਅਤੇ ਯੋਗ ਫੀਸਾਂ ਲਈ ਔਨਲਾਈਨ ਭੁਗਤਾਨ ਕਰਨ ਦੀ ਲਚਕਤਾ; ਅਤੇ
- ਪਰਮਿਟ ਜਾਰੀ ਹੋਣ ਤੋਂ ਬਾਅਦ ਜਾਂਚ ਲਈ ਬੇਨਤੀ ਕਰਨ ਬਾਰੇ ।
ਔਨਲਾਈਨ ਸੇਵਾਵਾਂ ਦਾ ਪਸਾਰ, ਸ਼ਹਿਰ ਦੇ ਨਵੇਂ ਪ੍ਰਸਤਾਵਿਤ ਵਿਕਾਸ ਅਤੇ ਪਰਮਿਟ ਮਨਜ਼ੂਰੀ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਚੁੱਕੇ ਜਾ ਰਹੇ ਕਦਮਾਂ ਦਾ ਹਿੱਸਾ ਹੈ, ਜਿਸਦਾ ਉਦੇਸ਼ ਪਰਮਿਟ ਪ੍ਰਵਾਨਗੀ ਸਮਾਂ-ਸੀਮਾਵਾਂ ਨੂੰ ਘੱਟੋ-ਘੱਟ 30% ਤੱਕ ਘਟਾਉਣਾ ਹੈ। ਨਵੇਂ ਟੀਚੇ, ਜੋ ਕਿ 2025 ਦੇ ਸ਼ੁਰੂ ਵਿੱਚ ਸਿਟੀ ਦੀ ਵੈੱਬਸਾਈਟ ‘ਤੇ ਵੇਖਣ ਨੂੰ ਮਿਲਣਗੇ ਵਿੱਚ ਟਾਊਨਹਾਊਸ, ਘੱਟ-ਉੱਚਾਈ ਅਤੇ ਬਹੁ -ਮੰਜ਼ਿਲ ਉਸਾਰੀ ਪ੍ਰੋਜੈਕਟ ਸ਼ਾਮਲ ਹੋਣਗੇ ।