ਬਰਨਾਲਾ- ਭਦੌੜ ਨੇੜਲੇ ਪਿੰਡ ਛੰਨਾ ਗੁਲਾਬ ਸਿੰਘ ਵਾਲਾ ਦੇ ਮੌਜੂਦਾ ਸਰਪੰਚ ਸੁਖਜੀਤ ਸਿੰਘ ਦਾ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਬਰਛਾ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ । ਸਰਪੰਚ ਸੁਖਜੀਤ ਸਿੰਘ ਦੇ ਚਚੇਰੇ ਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੇ ਭਰਾ ਸੁਖਜੀਤ ਸਿੰਘ ਦੀ ਇੱਕ ਨਸ਼ੇੜੀ ਨੌਜਵਾਨ ਨਾਲ ਬਹਿਸ ਹੋਈ ਸੀ ਜਿਸ ਤੋਂ ਬਾਅਦ ਅਸੀਂ ਸਰਪੰਚ ਦੇ ਘਰੇ ਚਲੇ ਗਏ। ਇੰਨੇ ਨੂੰ 40-50 ਵਿਅਕਤੀ ਇਕੱਠੇ ਹੋ ਕੇ ਸਰਪੰਚ ਦੇ ਘਰੇ ਆ ਗਏ ਜੋ ਤੇਜ਼ਧਾਰ ਹਥਿਆਰਾਂ ਨਾਲ ਲੈਸ ਸਨ। ਉਹਨਾਂ ਨੇ ਸਰਪੰਚ ਅਤੇ ਉਸਦੇ ਪਰਿਵਾਰ ‘ਤੇ ਹਮਲਾ ਕਰ ਦਿੱਤਾ ਅਤੇ ਹਵਾਈ ਫਾਇਰਿੰਗ ਵੀ ਕੀਤੀ ਗਈ। ਹਮਲਾਵਰਾਂ ਨੇ ਸਰਪੰਚ ਦੇ ਬਰਛਾ ਮਾਰਿਆ। ਜ਼ਖਮੀ ਹਾਲਤ ਵਿੱਚ ਉਸ ਨੂੰ ਸਿਵਲ ਹਸਪਤਾਲ ਭਦੌੜ ਵਿਖੇ ਲਿਆਂਦਾ ਗਿਆ ਜਿੱਥੋਂ ਆਕਸੀਜਨ ਦੀ ਘਾਟ ਦੱਸਦਿਆਂ ਬਰਨਾਲਾ ਰੈਫਰ ਕਰ ਦਿੱਤਾ ਗਿਆ। ਪ੍ਰੰਤੂ ਭਦੌੜ ਤੋਂ ਬਰਨਾਲਾ ਜਾਂਦਿਆਂ ਰਸਤੇ ਵਿੱਚ ਹੀ ਸਰਪੰਚ ਸੁਖਜੀਤ ਸਿੰਘ ਦਮ ਤੋੜ ਗਿਆ।ਇਸ ਹਮਲੇ ‘ਚ ਸਰਪੰਚ ਦਾ ਪਿਤਾ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ।
ਸਰਪੰਚ ਦੇ ਪਿਤਾ ਅਮਰਜੀਤ ਸਿੰਘ ਨੇ ਇਲਜ਼ਾਮ ਲਗਾਇਆ ਕਿ ਉਸਦਾ ਪੁੱਤ ਪਿੰਡ ਵਿੱਚ ਨਸ਼ਾ ਵੇਚਣ ਤੋਂ ਰੋਕਦਾ ਸੀ,ਜਿਸ ਕਾਰਨ ਉੁਹ ਵਿਰੋਧੀਆਂ ਦੀਆਂ ਅੱਖਾਂ ਵਿੱਚ ਰੜਕਦਾ ਸੀ।
ਅਕਾਲੀ ਦਲ ਦਾ ਕਹਿਣਾ ਹੈ ਕਿ ਨੌਜਵਾਨ ਦਾ ਕਸੂਰ ਸਿਰਫ ਨਸ਼ਾ ਰੋਕਣਾ ਸੀ।ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨਸ਼ੇ ਰੋਕਣ ਦਾ ਜੋ ਕੰਮ ‘ਆਪ’ ਸਰਕਾਰ ਨੇ ਕਰਨਾ ਸੀ ਉਹ ਪੰਜਾਬੀਆਂ ਨੂੰ ਆਪਣੀ ਜਾਨ ‘ਤੇ ਖੇਡ ਕੇ ਕਰਨਾ ਪੈ ਰਿਹਾ ਹੈ।
ਦੂਜੇ ਪਾਸੇ ਪੁਲਸ ਨੇ ਕਤਲ ਦੀ ਵਾਰਦਾਤ ਨੂੰ ਪੁਰਾਣੀ ਰੰਜਿਸ਼ ਕਰਾਰ ਦਿੰਦਿਆਂ ਕਥਿਤ ਕਾਤਲਾਂ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਕੀਤੀ ਹੈ।