ਓਟਵਾ – ਕੈਨੇਡਾ ਨੇ ਆਪਣੀ ਟੂਰਿਸਟ ਵੀਜ਼ਾ ਨੀਤੀ ਵਿੱਚ ਵੱਡਾ ਬਦਲਾਅ ਕੀਤਾ ਹੈ। ਕੋਵਿਡ ਮਹਾਂਮਾਰੀ ਦੌਰਾਨ ਖੁੱਲ੍ਹਾਂ ਦੇਣ ਤੋਂ ਬਾਅਦ ਦੇਸ਼ ਦਾ ਇੰਮੀਗਰੇਸ਼ਨ ਮਹਿਕਮਾਂ ਹੁਣ ਸਖਤੀ ਦੇ ਰੌਂਅ ਵਿੱਚ ਹੈ। ਮਹਿਕਮੇ ਨੇ ਹੁਣ 10 ਸਾਲ ਦੇ ਮਲਟੀਪਲ ਐਂਟਰੀ ਵੀਜ਼ਿਆਂ ਦੇ ਮਾਪਦੰਡ ਬਦਲ ਦਿੱਤੇ ਹਨ। ਨਵੀਆਂ ਹਦਾਇਤਾਂ ਅਨੁਸਾਰ, ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਵੀਜ਼ਿਆਂ ਦੀ ਕਿਸਮ ਅਤੇ ਮਿਆਦ ਨੂੰ ਨਿਰਧਾਰਤ ਕਰਨ ਵਿੱਚ ਹੁਣ ਹੋਰ ਵਧੇਰੇ ਅਖ਼ਤਿਆਰ ਦੇ ਦਿੱਤੇ ਗਏ ਹਨ। ਹੁਣ ਵੀਜ਼ਾ ਫੈਸਲੇ ਬਹੁਤ ਸਾਰੇ ਕਾਰਕਾਂ ‘ਤੇ ਆਧਾਰਿਤ ਹੋਣਗੇ, ਜਿਵੇਂ ਕਿ ਅਰਜ਼ੀਕਾਰ ਦੀ ਯਾਤਰਾ ਦਾ ਮਕਸਦ, ਆਰਥਿਕ ਸਰੋਤ, ਸਿਹਤ ਸਬੰਧੀ ਹਾਲਾਤ ਅਤੇ ਮੂਲ ਦੇਸ਼ ਨਾਲ ਮਜ਼ਬੂਤ ਸੰਬੰਧ। ਅਧਿਕਾਰੀ ਇਸ ਗੱਲ ਦਾ ਜਾਇਜ਼ਾ ਲੈਣਗੇ ਕਿ ਕੀ ਅਰਜ਼ੀਕਾਰ ਇੱਕੋ ਵਾਰ ਹੋਣ ਵਾਲੇ ਕਿਸੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਆ ਰਿਹਾ ਹੈ ਜਾਂ ਉਸਨੂੰ ਵਾਰ-ਵਾਰ ਫੇਰੀ ਲਾਉਣੀ ਪਏਗੀ। ਮਿਸਾਲ ਵਜੋਂ ਜੇਕਰ ਕੋਈ ਵਿਆਹ-ਸ਼ਾਦੀ,ਜਨਮ ਦਿਨ ਦੀ ਪਾਰਟੀ , ਡਿਗਰੀ ਵੰਡ ਸਮਾਰੋਹ ਜਾਂ ਕਿਸੇ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਆ ਰਿਹਾ ਹੈ ਤਾਂ ਉਸ ਨੂੰ 10 ਸਾਲ ਦੇ ਮਲਟੀਪਲ ਵੀਜ਼ੇ ਤੋਂ ਇਨਕਾਰ ਹੋ ਸਕਦਾ ਹੈ। ਦੂਜੇ ਪਾਸੇ ਜੇਕਰ ਕਿਸੇ ਨੂੰ ਇਲਾਜ ਵਗੈਰਾ ਕਰਾਉਣ ਜਾਂ ਕਾਰੋਬਾਰੀ ਲੋੜਾਂ ਲਈ ਵਾਰ-ਵਾਰ ਆਉਣ ਜਾਣ ਕਰਨਾਂ ਪਏਗਾ ਤਾਂ ਅਰਜ਼ੀਕਰਤਾ ਦੀ ਜ਼ਰੂਰਤ ਮੁਤਾਬਕ ਮਲਟੀਪਲ ਵੀਜ਼ਾ ਵੀ ਜਾਰੀ ਕੀਤਾ ਜਾ ਸਕਦਾ ਹੈ। ਇੰਮੀਗ੍ਰੇਸ਼ਨ ਅਫ਼ਸਰ , ਹੁਣ ਅਰਜ਼ੀਕਰਤਾ ਦੇ ਯਾਤਰਾ ਲਈ ਖਰਚੇ ਨੂੰ ਪੂਰਾ ਕਰਨ ਦੀ ਸਮਰੱਥਾ, ਸਿਹਤ ਸਥਿਤੀਆਂ, ਅਤੇ ਪਹਿਲਾਂ ਮਿਲੇ ਵੀਜ਼ਿਆਂ ਦੀ ਪਾਲਣਾ ਦੇ ਇਤਿਹਾਸ ‘ਤੇ ਵੀ ਧਿਆਨ ਦੇਣਗੇ। ਸਰਕਾਰ ਦਾ ਮੰਨਣਾ ਹੈ ਕਿ ਇਹ ਬਦਲਾਅ ਵੀਜ਼ੇ ਜਾਰੀ ਕਰਨ ਵਿੱਚ ਹੋਰ ਨਿੱਜੀ ਅਤੇ ਸਥਿਤੀ ਮੁਤਾਬਕ ਪਹੁੰਚ ਦੀ ਸਹੂਲਤ ਦੇਣਗੇ।
ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਕੀਤੀਆਂ ਇਹਨਾਂ ਤਬਦੀਲੀਆਂ ਬਾਰੇ ‘ਸਰੀ ਨਿਊਜ਼’ ਨਾਲ ਖਾਸ ਗੱਲਬਾਤ ਕਰਦਿਆਂ CWC ਇੰਮੀਗ੍ਰੇਸ਼ਨ ਦੇ ਮਾਹਿਰ ਅਮਨ ਖਹਿਰਾ ਨੇ ਕਿਹਾ ਕਿ ਇਹਨਾਂ ਤਬਦੀਲੀਆਂ ਦਾ ਸੁਪਰ ਵੀਜ਼ਾ ਹਾਸਲ ਕਰਨ ਵਾਲਿਆਂ ‘ਤੇ ਕੋਈ ਅਸਰ ਨਹੀਂ ਪਏਗਾ। ਕੈਨੇਡਾ ਵਿੱਚ ਮਾਪਿਆਂ ਨੂੰ ਪਹਿਲਾਂ ਵਾਂਗ ਹੀ ਸੁਪਰ ਵੀਜ਼ੇ ‘ਤੇ 10 ਸਾਲ ਲਈ ਬੁਲਾਇਆ ਜਾ ਸਕੇਗਾ। ਉਹਨਾਂ ਕਿਹਾ ਕਿ ਸਰਕਾਰ ਆਪਣੀਆਂ ਗਲਤੀਆਂ ਸੁਧਾਰ ਰਹੀ ਹੈ।ਸਰਕਾਰ ਨੂੰ ਲੱਗਦਾ ਸੀ ਕਿ ਵਧੇਰੇ ਸੈਲਾਨੀਆਂ ਦੀ ਆਮਦ ਨਾਲ ਮੁਲਕ ਨੂੰ ਆਰਥਿਕ ਲਾਹਾ ਮਿਲੇਗਾ ਪਰ ਅਜਿਹਾ ਨਹੀਂ ਹੋਇਆ, ਸਗੋਂ ਕੈਨੇਡਾ ਦੇ ਰਿਫਿਊਜ਼ੀ ਪ੍ਰੋਗਰਾਮ ਦਾ ਰੱਜ ਕੇ ਦੁਰਉਪਯੋਗ ਕੀਤਾ ਗਿਆ, ਜਿਸ ਨਾਲ ਸਰਕਾਰ ਨੂੰ ਕੈਨੇਡੀਅਨ ਦਾ ਗੁੱਸਾ ਵੀ ਝੱਲਣਾ ਪਿਆ। ਉਹਨਾਂ ਸਰਕਾਰ ਦੇ ਇਸ ਫੈਸਲੇ ਨੂੰ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿੱਤਾ। ਉਹਨਾਂ ਕਿਹਾ ਕਿ ਮੌਯੂਦਾ ਲਿਬਰਲ ਸਰਕਾਰ ਅਗਲੇ ਸਾਲ ਅਕਤੂਬਰ ਵਿੱਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਸਥਾਨਕ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਵੀਜ਼ਾ ਅਰਜ਼ੀ ਦੇ ਸਫ਼ਲ ਹੋਣ ਦੇ ਚਾਹਵਾਨ ਅਰਜ਼ੀਕਾਰ ਆਪਣੇ ਮੂਲ ਦੇਸ਼ ਨਾਲ ਮਜ਼ਬੂਤ ਸੰਬੰਧ, ਆਰਥਿਕ ਸਥਿਰਤਾ, ਅਤੇ ਪਿਛਲੇ ਵੀਜ਼ਿਆਂ ਦੇ ਨਿਯਮਾਂ ਦੀ ਪਾਲਣਾ ਦਿਖਾਉਣ ਲਈ ਤਿਆਰ ਹੋਣ।