ਚੰਡੀਗੜ੍ਹ- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਮਰਨ ਤੋਂ ਡਰਨ ਵਾਲੇ ਨਹੀਂ।ਚੰਡੀਗੜ੍ਹ ਵਿੱਚ ਸੱਦੀ ਗਈ ਪ੍ਰੈੱਸ ਕਾਨਫ਼ਰੰਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਲੋਕ ਲੋਕ ਪੁਲਿਸ ਦੀ ਹਾਜ਼ਰੀ ਵਿਚ ਮੈਨੂੰ ਤੇ ਮੇਰੇ ਬੱਚਿਆਂ ਨੂੰ ਮੇਰੇ ਘਰ ਵਿਚ ਬੰਬ ਧਮਾਕੇ ਕਰ ਕੇ ਉਡਾਉਣ ਦੀਆਂ ਗੱਲਾਂ ਕਰਦੇ ਹਨ, ਉਹਨਾਂ ਨੂੰ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਸੀਂ ਗੁਰੂ ਦੇ ਸਿੰਘ ਹਾਂ।
ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਮੇਰੇ ਦੋ ਬੱਚੇ ਹਨ ਜਿਹਨਾਂ ਵਿਚੋਂ ਇਕ 10 ਸਾਲ ਤੇ ਇਕ 13 ਸਾਲ ਦਾ ਹੈ।
ਸਾਡੇ ਪਰਿਵਾਰ ’ਤੇ ਜੋ ਵੀ ਰਹਿਮਤ ਹੈ, ਉਹ ਸਭ ਗੁਰੂ ਦੀ ਬਖਸ਼ਿਸ਼ ਹੈ।
ਮੈਂ ਇਹੋ ਜਿਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਤੋਂ ਬਿਲਕੁਲ ਵੀ ਡਰਨ ਵਾਲਾ ਨਹੀਂ ਹਾਂ।
ਚੰਡੀਗੜ੍ਹ ਵਿਖੇ ਅਕਾਲੀ ਦਲ ਦੇ ਦਫ਼ਤਰ ਵਿੱਚ ਕੀਤੀ ਗਈ ਪ੍ਰੈੱਸ ਕਾਨਫ਼ਰੰਸ ਦੌਰਾਨ ਪੁਲਸ ਅਧਿਕਾਰੀ ‘ਤੇ ਸੁਆਲ ਚੁੱਕਦਿਆਂ ਮਜੀਠੀਆ ਨੇ ਕਿਹਾ,
“ਮੇਰਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਵੀ ਸਵਾਲ ਹੈ ਕਿ ਪੁਲਿਸ ਦੀ ਹਾਜ਼ਰੀ ਵਿਚ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ?
“ਮੈਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਛੋਟੀ ਸੋਚ ਵਾਲੇ ਲੋਕ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸਾਨੂੰ ਤੇ ਸਾਡੇ ਪਰਿਵਾਰਾਂ ਨੂੰ ਮਾਰਨ ਵਾਲਾ ਹੀ ਗੁਰੂ ਦਾ ਸਿੱਖ ਸਾਬਤ ਹੋਵੇਗਾ ਤਾਂ ਇਹ ਤੁਹਾਡੀ ਗਲਤ ਫ਼ਹਿਮੀ ਤੇ ਭੁਲੇਖਾ ਹੈ।”
ਮਜੀਠੀਆ ਨੇ ਕਿਹਾ, “ਗੁਰੂ ਦਾ ਸਾਡੇ ’ਤੇ ਆਸ਼ੀਰਵਾਦ ਹੈ, ਜੋ ਸਵਾਸਾਂ ਦੀ ਪੂੰਜੀ ਗੁਰੂ ਸਾਹਿਬ ਨੇ ਬਖਸ਼ੀ ਹੈ, ਉਹੀ ਪੂਰੀ ਕਰ ਕੇ ਅਸੀਂ ਗੁਰੂ ਦੇ ਹੁਕਮਾਂ ਮੁਤਾਬਕ ਜਾਵਾਂਗੇ।ਤੁਹਾਡੇ ਵਰਗੇ ਕਾਇਰਾਂ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ।”