ਸਰੀ- ਕੈਨੇਡਾ ਅਤੇ ਅਮਰੀਕਾ ਵਿੱਚ ਪੰਜਾਬੀਆਂ ਦੇ ਮਾਣਮੱਤੇ ਇਤਿਹਾਸ ਨੂੰ ਦਰਸਾਉਂਦੀ ਸੋਹਣ ਸਿੰਘ ਪੂੰਨੀ ਦੀ ਕਿਤਾਬ “ਭਾਈ ਮੇਵਾ ਸਿੰਘ ਦੀ ਸ਼ਹੀਦੀ ਅਤੇ ਹਾਪਕਿਨਸਨ ਦਾ ਕਤਲ” 6 ਅਕਤੂਬਰ 2024 ਦਿਨ ਐਤਵਾਰ ਨੂੰ ਸਰੀ ਦੇ ਪ੍ਰੋਗਰੈਸਿਵ ਕਲਚਰ ਸੈਂਟਰ ਵਿੱਚ ਲੋਕ ਅਰਪਣ ਕੀਤੀ ਗਈ। ਉਘੇ ਇਤਿਹਾਸਕਾਰ ਸੋਹਣ ਸਿੰਘ ਪੂੰਨੀ ਇਸ ਤੋਂ ਪਹਿਲਾਂ “ਕੈਨੇਡਾ ਦੇ ਗਦਰੀ ਯੋਧੇ” ਅਤੇ “ਸਲਾਮ ਬੰਗਾ” ਵਰਗੀਆਂ ਅਹਿਮ ਪੁਸਤਕਾਂ ਲਿਖ ਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾ ਚੁੱਕੇ ਹਨ। ਉਹਨਾਂ ਦੀ ਤਾਜ਼ਾ ਪੁਸਤਕ ਕੈਨੇਡਾ ਵਿੱਚ ਪੰਜਾਬੀਆਂ ਦੀ ਆਮਦ ਅਤੇ ਦਰਪੇਸ਼ ਦੁਸ਼ਵਾਰੀਆਂ ਬਾਰੇ ਚਾਨਣਾ ਪਾਉਂਦੀ ਹੈ।
ਪੁਸਤਕ ਬਾਰੇ ਵਿਚਾਰ ਚਰਚਾ ਵਿੱਚ ਸ਼ਾਮਲ ਡਾ. ਸਾਧੂ ਬਿਨਿੰਗ ਨੇ ਕਿਹਾ ਕਿ ਸੋਹਣ ਸਿੰਘ ਪੂੰਨੀ ਦੀ ਇਹ ਪੁਸਤਕ ਨਿੱਕੇ -ਨਿੱਕੇ ਕਾਂਡਾਂ ਵਿੱਚ ਵੰਡ ਕੇ ਲਿਖੀ ਗਈ ਹੈ ਜੋ ਪਾਠਕ ਨੂੰ ਕਿਤੇ ਵੀ ਬੋਝਲ ਨਹੀਂ ਲੱਗਦੀ। ਪੁਸਤਕ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆ ਰੇਡੀਓ ਹੋਸਟ ਗੁਰਬਾਜ ਸਿੰਘ ਬਰਾੜ ਨੇ ਕਿਹਾ ਕਿ ਰੌਚਕਤਾ ਇਸ ਪੁਸਤਕ ਦਾ ਮੀਰੀ ਗੁਣ ਹੈ, ਕਮਾਲ ਦਾ ਦ੍ਰਿਸ਼ ਵਰਨਣ, ਲੇਖਣੀ ਵਿੱਚ ਅੰਤਾਂ ਦੀ ਰਵਾਨਗੀ ਅਤੇ ਲੇਖਕ ਦੀ ਪ੍ਰਮਾਣਿਕ ਸਰੋਤਾਂ ਤੱਕ ਰਸਾਈ ਇਸ ਪੁਸਤਕ ਨੂੰ ਇੱਕ ਸਾਂਭਨਯੋਗ ਸੌਗਾਤ ਬਣਾਉਂਦੇ ਹਨ। ਈਸਟ ਇੰਡੀਅਨ ਡਿਫੈਂਸ ਕਮੇਟੀ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਬੋਲਦਿਆਂ ਉੱਘੇ ਚਿੰਤਕ ਡਾ. ਸਾਧੂ ਸਿੰਘ ਨੇ ਕਿਹਾ ਕਿ ਸ਼ਹੀਦ ਮੇਵਾ ਸਿੰਘ ਨੂੰ ‘ਸ਼ਹੀਦ’ ਦਾ ਦਰਜਾ ਦਿਵਾਉਣ ਲਈ ਕਾਨੂੰਨੀ ਮਸ਼ੀਰਾਂ ਨਾਲ ਸਲਾਹ ਮਸ਼ਵਰਾ ਕਰ ਕੇ ਪੂਰੀ ਪੁਖ਼ਤਗੀ ਨਾਲ ਕੇਸ ਅੱਗੇ ਵਧਾਉਣਾ ਚਾਹੀਦਾ ਹੈ। ਇਸ ਮੌਕੇ ਸਾਹਿਬ ਸਿੰਘ ਥਿੰਦ ਨੇ ਇਹ ਕੇਸ ਲੜਨ ਲਈ ਪ੍ਰੌ. ਮੋਹਨ ਸਿੰਘ ਮੈਮੋਰੀਅਲ ਫਾਂਊਡੇਸ਼ਨ ਵੱਲੋਂ ਈਸਟ ਇੰਡੀਅਨ ਡਿਫੈਂਸ ਕਮੇਟੀ ਨੂੰ ਹਰ ਪੱਖੋਂ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਪੁਸਤਕ ਲੋਕ ਅਰਪਣ ਕਰਨ ਮੌਕੇ ਸਰੀ ਅਤੇ ਵੈਨਕੂਵਰ ਇਲਾਕੇ ਦੇ ਨਾਮਵਰ ਲੇਖਕ ਜਰਨੈਲ ਸਿੰਘ ਸੇਖਾ,ਡਾ. ਰਘਬੀਰ ਸਿੰਘ ਸਿਰਜਣਾ,ਮੋਹਨ ਗਿੱਲ, ਪ੍ਰਮਿੰਦਰ ਸਵੈਚ, ਸੁਰਿੰਦਰ ਚਾਹਲ, ਅਮਰੀਕ ਪਲਾਹੀ, ਅਤੇ ਤਰਕਸ਼ੀਲ ਆਗੂ ਅਵਤਾਰ ਬਾਈ ਸਮੇਤ ਅਹਿਮ ਸ਼ਖਸ਼ੀਅਤਾਂ ਪਹੁੰਚੀਆਂ ਹੋਈਆਂ ਸਨ।