ਸ੍ਰੀ ਅੰਮ੍ਰਿਤਸਰ ਸਾਹਿਬ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਸਥਾਨਕ ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸੰਬੰਧ ‘ਚ ਰੱਖੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਮਹਿਲਾ ਸਸ਼ਕਤੀਕਰਨ, ਸਿੱਖਿਆ ਅਤੇ ਸਮਾਜ ਵਿੱਚ ਮਹਿਲਾਵਾਂ ਦੇ ਯੋਗਦਾਨ ਬਾਰੇ ਵਿਚਾਰ ਚਰਚਾ ਕੀਤੀ।
ਉਨ੍ਹਾਂ ਕਿਹਾ ਕਿ ਔਰਤਾਂ ਬਿਨਾਂ ਜੇਕਰ ਘਰ ਨਹੀਂ ਚੱਲ ਸਕਦਾ ਤਾਂ ਔਰਤਾਂ ਬਿਨਾਂ ਦੇਸ਼ ਵੀ ਨਹੀਂ ਚੱਲ ਸਕਦਾ। ਉਹਨਾਂ ਦੀ ਆਰਥਿਕ, ਸਮਾਜਿਕ ਅਤੇ ਰਾਜਨੀਤਕ ਆਜ਼ਾਦੀ ਨੂੰ ਉਤਸ਼ਾਹਿਤ ਕਰਨ ਲਈ ਸਾਡੀ ਸਰਕਾਰ ਵੱਲੋਂ ਲਗਾਤਾਰ ਠੋਸ ਕਦਮ ਚੁੱਕੇ ਜਾ ਰਹੇ ਹਨ। ਔਰਤਾਂ ਦੇ ਮਾਣ-ਸਨਮਾਨ ਅਤੇ ਉਹਨਾਂ ਨੂੰ ਬਣਦੇ ਹੱਕ ਦੇਣ ਲਈ ਅਸੀਂ ਵਚਨਬੱਧ ਹਾਂ।
ਕੌਮਾਂਤਰੀ ਮਹਿਲਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਉਨ੍ਹਾਂ ਕਿਹਾ, “ਅੱਜ-ਕੱਲ੍ਹ ਕੁੜੀਆਂ ਹਰ ਖੇਤਰ ‘ਚ ਮੱਲਾਂ ਮਾਰ ਰਹੀਆਂ ਨੇ। ਅਸੀਂ ਕਿਸੇ ਪੱਖੋਂ ਵੀ ਕੁੜੀਆਂ ਨੂੰ ਘੱਟ ਨਹੀਂ ਕਹਿ ਸਕਦੇ। ਸਾਡੇ ਗੁਰੂਆਂ ਨੇ ਵੀ ਔਰਤ ਨੂੰ ਜਗ-ਜਨਣੀ ਕਹਿ ਕੇ ਸਭ ਤੋਂ ਉੱਚਾ ਦਰਜਾ ਦਿੱਤਾ ਹੈ।”
ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਨੇ ਸਾਡੀਆਂ ਧੀਆਂ ਵੱਲ ਧਿਆਨ ਹੀ ਨਹੀਂ ਦਿੱਤਾ। ਅਸੀਂ ਫਾਇਰ ਸੇਫ਼ਟੀ ਐਕਟ ‘ਚ ਕੁੜੀਆਂ ਲਈ ਕਨੂੰਨ ਬਦਲ ਕੇ ਉਨ੍ਹਾਂ ਦੀ ਭਰਤੀ ਦਾ ਰਾਹ ਪੱਧਰਾ ਕੀਤਾ ਹੈ। ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ ਜਿੱਥੇ ਫਾਇਰ ਬ੍ਰਿਗੇਡ ਵਿਭਾਗ ‘ਚ ਕੁੜੀਆਂ ਨੌਕਰੀ ਕਰਨਗੀਆਂ।
ਇਸ ਰਾਜ ਪੱਧਰੀ ਸਮਾਗਮ ਵਿੱਚ ਸਥਾਨਕ ਵਿਧਾਇਕ ਡਾ. ਜੀਵਨਜੋਤ ਕੌਰ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਸ਼ਿਰਕਤ ਕੀਤੀ ।
Comments