ਦਿੱਲੀ – ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪੰਜਾਬ ਦੇ ਮੰਤਰੀਆਂ ਅਤੇ ਪਾਰਟੀ ਵਿਧਾਇਕਾਂ ਨੂੰ ਦਿੱਲੀ ਸੱਦ ਕੇ ‘ਜਿੱਤ ਦਾ ਮੰਤਰ’ ਦਿੱਤਾ ਹੈ।ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਦਿੱਲੀ ਹਾਰਨ ਮਗਰੋ ਸਿਆਸੀ ਤੌਰ ‘ਤੇ ਕਮਜ਼ੋਰ ਹੋਏ ਕੇਜਰੀਵਾਲ ਪੰਜਾਬ ਦੇ ਮੰਤਰੀਆਂ ਅਤੇ ‘ਆਪ’ ਦੇ ਵਿਧਾਇਕਾਂ ਉੱਪਰ ਆਪਣਾ ਗਲਬਾ ਬਣਾਈ ਰੱਖਣ ਲਈ ਵਾਹ ਲਾ ਰਹੇ ਹਨ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ , “ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਦਿੱਲੀ ਤਲਬ ਕੀਤਾ ਹੈ, ਮੇਰਾ ਵਿਚਾਰ ਹੈ ਕਿ ‘ਆਮ ਆਦਮੀ ਪਾਰਟੀ’ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਲਈ ਜ਼ਮੀਨ ਤਿਆਰ ਕਰ ਰਹੀ ਹੈ। ਦਿੱਲੀ ‘ਚ ਸ਼ਰਮਨਾਕ ਹਾਰ ਤੋਂ ਬਾਅਦ ‘AAP’ ਪੰਜਾਬ ‘ਚ ਬਚਾਅ ਮੋਡ ‘ਚ ਨਜ਼ਰ ਆ ਰਹੀ ਹੈ। ਝਾੜੂ ਪਾਰਟੀ ਨੇ ਸਰਹੱਦੀ ਸੂਬੇ ਵਿੱਚ ਆਪਣੇ ਵਿਨਾਸ਼ਕਾਰੀ ਭਵਿੱਖ ਦਾ ਅਨੁਮਾਨ ਲਾ ਲਿਆ ਹੈ।”
ਦੂਜੇ ਪਾਸੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੀਟਿੰਗ ਤੋਂ ਬਾਅਦ ਕੈਬਨਿਟ ਦੇ ਸਾਥੀਆਂ ਨਾਲ ਮੀਡੀਆ ਦੇ ਰੂਹ-ਬ-ਰੂਹ ਹੁੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ‘ਚ ਜਨਤਾ ਵੱਲੋਂ ਜਾਰੀ ਫ਼ਤਵੇ ਨੂੰ ਆਮ ਆਦਮੀ ਪਾਰਟੀ ਖਿੜੇ ਮੱਥੇ ਕਬੂਲ ਕਰਦੀ ਹੈ। ਉਨ੍ਹਾਂ ਕਿਹਾ ਕਿ ਆਪਣੀ ‘ਕੰਮ ਦੀ ਰਾਜਨੀਤੀ’ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਪੰਜਾਬ ਅਤੇ ਪੰਜਾਬ ਵਾਸੀਆਂ ਦੀ ਬਿਹਤਰੀ ਲਈ ਨਿਰਵਿਘਨ ਕਾਰਜਸ਼ੀਲ ਰਹਾਂਗੇ। ਪਾਰਦਰਸ਼ੀ ਅਤੇ ਲੋਕ-ਪੱਖੀ ਪ੍ਰਸ਼ਾਸਨ ਸਦਕਾ ਅਸੀਂ ਪੰਜਾਬ ਨੂੰ, ਪੂਰੇ ਦੇਸ਼ ਅੱਗੇ ਤਰੱਕੀ ਦਾ ਆਦਰਸ਼ ਸੂਬਾ ਬਣਾ ਕੇ ਪੇਸ਼ ਕਰਾਂਗੇ।
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੀ ਪਾਰਟੀ ਕੰਮਾਂ ਦੇ ਨਾਮ ਤੋਂ ਜਾਣੀ ਜਾਂਦੀ ਹੈ ਤੇ ਅਸੀਂ ਦਿੱਲੀ ‘ਚ ਕੀਤੇ ਕੰਮਾਂ ਦਾ ਤਜ਼ਰਬਾ ਪੰਜਾਬ ‘ਚ ਵੀ ਲਾਗੂ ਕਰਾਂਗੇ। ਪੰਜਾਬ ‘ਚ ਸਿੱਖਿਆ ਖੇਤਰ ‘ਚ ਕ੍ਰਾਂਤੀ ਲਿਆਉਣ ਲਈ ਸਕੂਲ ਆਫ਼ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਤੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ।
Comments