ਮੋਹਾਲੀ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ, ਮੋਹਾਲੀ ਵਿਖੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਬੁੱਤ ਨੂੰ ਲੋਕ ਅਰਪਣ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਨੇ ਆਪਣੀ ਫ਼ਾਂਸੀ ਤੋਂ ਪਹਿਲਾਂ ਜਿਸ ਕਿਤਾਬ ਦਾ ਪੰਨਾ ਮੋੜਿਆ ਸੀ, ਸਾਨੂੰ ਉਸ ਪੰਨੇ ਨੂੰ ਖੋਲ੍ਹ ਕੇ ਅੱਗੇ ਵਧਣ ਦੀ ਲੋੜ ਹੈ, ਫਿਰ ਹੀ ਅਸੀਂ ਉਨ੍ਹਾਂ ਦੇ ਸੁਫ਼ਨਿਆਂ ਦਾ ਸਮਾਜ ਸਿਰਜ ਸਕਦੇ ਹਾਂ।
₹5 ਕਰੋੜ ਦੀ ਲਾਗਤ ਨਾਲ਼ ਬਣਾਏ ਗਏ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 35 ਫੁੱਟ ਉੱਚੇ ਬੁੱਤ ਨੂੰ ਲੋਕ ਅਰਪਣ ਕਰਨ ਮੌਕੇ ਉਹਨਾਂ ਕਿਹਾ ਕਿ ਇਹ ਉਪਰਾਲਾ ਸ਼ਹੀਦਾਂ ਦੀ ਯਾਦ ਨੂੰ ਲੋਕਾਂ ਦੇ ਦਿਲਾਂ ‘ਚ ਸਦੀਆਂ ਤੱਕ ਜਿਉਂਦਾ ਰੱਖੇਗਾ। ਦੇਸ਼ਾਂ-ਵਿਦੇਸ਼ਾਂ ਤੋਂ ਆਉਣ ਵਾਲ਼ੇ ਲੋਕ ਇਸ ਬੁੱਤ ਨੂੰ ਦੇਖ ਕੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਅਦੁੱਤੀ ਸ਼ਹਾਦਤ ਤੇ ਉਹਨਾਂ ਦੇ ਅਜ਼ਾਦੀ ਦੇ ਸੰਘਰਸ਼ ‘ਚ ਯੋਗਦਾਨ ਬਾਰੇ ਜਾਣ ਸਕਣਗੇ।
ਮੀਡੀਆ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਦੀ ਸਮਰੱਥਾ ਨੂੰ ਵਧਾ ਕੇ ਵੱਖ-ਵੱਖ ਉਡਾਨਾਂ ਨੂੰ ਪੱਛਮੀ ਦੇਸ਼ਾਂ ਨਾਲ਼ ਜੋੜਨ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਇਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ ,ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਵੀ ਮੌਜੂਦ ਸਨ।