ਚੰਡੀਗੜ੍ਹ – ਪੰਜਾਬ ਵਿੱਚ ਝੋਨੇ ਦੀ ਫ਼ਸਲ ਖਰੀਦਣ ਵਿੱਚ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਤੱਕ ਪਹੁੰਚ ਕੀਤੀ ਹੈ । ਮੁੱਖ ਮੰਤਰੀ ਮਾਨ ਨੇ ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਝੋਨੇ ਦੀ ਖ਼ਰੀਦ ਨੂੰ ਲੈ ਕੇ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ‘ਤੇ ਗੱਲਬਾਤ ਕੀਤੀ । ਮੁੱਖ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਗ੍ਰਹਿ ਮੰਤਰੀ ਕੋਲ ਝੋਨੇ ਦੀ ਖ਼ਰੀਦ ਵਿੱਚ ਆ ਰਹੀਆਂ ਸਮੱਸਿਆਵਾਂ, ਜਿਸ ਵਿੱਚ:
1)- ਆਵਾਜਾਈ ਦੀ ਲਾਗਤ ਵਿੱਚ ਆ ਰਹੀਆਂ ਸਮੱਸਿਆਵਾਂ
2)- ਸਟੋਰੇਜ ਸਪੇਸ ਦੀ ਘਾਟ
3)- ਹਾਈਬ੍ਰਿਡ ਗੁਣਵੱਤਾ ਦਾ ਮੁੱਦਾ
4)- ਸ਼ੈਲਰ ਮਾਲਕਾਂ ਨੂੰ ਹੋਣ ਵਾਲੇ ਘਾਟੇ ਬਾਰੇ ਵਿਸਥਾਰ ਨਾਲ ਦੱਸਿਆ
ਮੁੱਖ ਮੰਤਰੀ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਬੇਨਤੀ ਕੀਤੀ ਕਿ ਝੋਨੇ ਖ਼ਰੀਦ ਵਿੱਚ ਆ ਰਹੀ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਵੇ।
ਇਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਤੰਗ-ਪਰੇਸ਼ਾਨ ਕਰ ਕੇ ਕੇਂਦਰ ਦੀ ਭਾਜਪਾ ਸਰਕਾਰ 3 ਕਾਲ਼ੇ ਕਨੂੰਨਾਂ ਦੀ ਨਾਕਾਮੀ ਦਾ ਬਦਲਾ ਲੈ ਰਹੀ ਹੈ। ਪੰਜਾਬ ਅਤੇ ਇੱਥੋਂ ਦੇ ਕਿਸਾਨਾਂ ਨਾਲ਼ ਕੀਤਾ ਜਾ ਰਿਹਾ ਵਿਤਕਰਾ, ਭਾਜਪਾ ਵੱਲੋਂ ਅਡਾਨੀ ਦੇ ਵਪਾਰਕ ਹਿੱਤਾਂ ਲਈ ਪੰਜਾਬ ‘ਚ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਹੈ, ਪਰ ਆਮ ਆਦਮੀ ਪਾਰਟੀ ਹਰ ਕਿਸਾਨ ਵਿਰੋਧੀ ਸਾਜ਼ਿਸ਼ ਦਾ ਮੂੰਹ ਤੋੜ ਜਵਾਬ ਦੇਵੇਗੀ।
ਉਨ੍ਹਾਂ ਕਿਹਾ ਕਿ ਬਦਲਾਖ਼ੋਰੀ ਦੀਆਂ ਨੀਤੀਆਂ ਨਾਲ਼ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੇ ਕਿਸਾਨ, ਆੜ੍ਹਤੀਏ, ਸ਼ੈਲਰ ਮਾਲਕ ਅਤੇ ਮੰਡੀ ਮਜ਼ਦੂਰ, ਸਭ ਦਾ ਭਵਿੱਖ ਹਨੇਰੇ ‘ਚ ਧੱਕ ਰਹੀ ਹੈ। ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਕਹਿਣ ਦੇ ਬਾਵਜੂਦ ਗੁਦਾਮ ਖਾਲੀ ਨਾ ਕਰਨ ਨਾਲ਼ ਭਾਜਪਾ ਦੀ ਘਟੀਆ ਰਾਜਨੀਤੀ ਮੁੜ ਉਜਾਗਰ ਹੋਈ ਹੈ, ਪਰ ਆਮ ਆਦਮੀ ਪਾਰਟੀ ਇਸ ਧੱਕੇਸ਼ਾਹੀ ਖ਼ਿਲਾਫ਼ ਕਿਸਾਨਾਂ, ਆੜ੍ਹਤੀਆਂ, ਸ਼ੈਲਰ ਮਾਲਕਾਂ ਅਤੇ ਮਜ਼ਦੂਰ ਭਰਾਵਾਂ ਨਾਲ਼ ਡਟ ਕੇ ਖੜ੍ਹੀ ਹੈ।