ਡੋਡਾ, ਜੰਮੂ-ਕਸ਼ਮੀਰ – ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਡੋਡਾ ਪਹੁੰਚੇ ਜਿੱਥੇ ਪਾਰਟੀ ਦੇ ਉਮੀਦਵਾਰ ਮੇਹਰਾਜ ਮਲਿਕ ਦੀ ਜਿੱਤ ਦੇ ਸੰਬੰਧ ‘ਚ ਧੰਨਵਾਦੀ ਰੈਲੀ ਕੀਤੀ ਗਈ। ਇਸ ਮੌਕੇ ਬੋਲਦਿਆਂ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਇਨਕਲਾਬੀ ਅਤੇ ਕ੍ਰਾਂਤੀਕਾਰੀ ਲੋਕਾਂ ਵੱਲੋਂ ਦਿੱਤੇ ਪਿਆਰ ਨੇ ਦਿਲ ਖੁਸ਼ ਕਰ ਦਿੱਤਾ ਹੈ।
ਉਨ੍ਹਾ ਕਿਹਾ, “ਇਮਾਨਦਾਰੀ, ਨੇਕ ਨੀਤੀ ਅਤੇ ਨੀਅਤ ਕਰਕੇ ਹੀ ਦੇਸ਼ ਦੇ ਪੰਜ ਰਾਜਾਂ ‘ਚ ‘ਆਪ’ ਦੇ ਵਿਧਾਇਕ ਹਨ। ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਦਾ ਕਾਫ਼ਲਾ ਇਸੇ ਤਰ੍ਹਾਂ ਵਧਦਾ ਰਹੇਗਾ, ਇਮਾਨਦਾਰ ਸਿਆਸਤ ਦੇ ਹੱਕ ‘ਚ ਦਿੱਤੇ ਇਸ ਫ਼ਤਵੇ ਲਈ ਡੋਡਾ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ।”
ਆਪਣੇ ਸੰਬੋਧਨ ਵਿੱਚ ਭਗਵੰਤ ਮਾਨ ਨੇ ਕਿਹਾ, “ਡੋਡਾ ਵਾਲ਼ਿਓ, ਜੋ ਤੁਸੀਂ ਕੀਤਾ ਹੈ ਉਸ ਲਈ ਤੁਹਾਨੂੰ ਸਿਜਦਾ ਕਰਦੇ ਹਾਂ, ਜੋ ਜੰਮੂ ਕਸ਼ਮੀਰ ਦੀਆਂ ਵਾਦੀਆਂ ਵਿੱਚ ਤੁਸੀਂ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦਾ ਬੀਜ ਬੋ ਦਿੱਤਾ… ਕਸ਼ਮੀਰ ਤੋਂ ਲੈਕੇ ਗੋਆ ਤੱਕ ਸਿਰਫ਼ 10 ਸਾਲਾਂ ‘ਚ ਹੀ ਪਾਰਟੀ ਇੰਨੀ ਤੇਜ਼ੀ ਨਾਲ਼ ਅੱਗੇ ਵਧ ਗਈ, ਇਸਦਾ ਹੀ ਡਰ ਵਿਰੋਧੀਆਂ ਨੂੰ ਸਤਾ ਰਿਹਾ ਹੈ। ਇਹ ਵਿਰੋਧੀ ਪਾਰਟੀਆਂ ਵਾਲ਼ੇ ਲੋਕਾਂ ਨੂੰ ਕੱਖ ਨਹੀਂ ਸਮਝਦੇ, ਕਦੇ ਡਾਂਗਾਂ ਮਾਰ ਦਿੰਦੇ ਨੇ, ਕਦੇ ਕਹਿੰਦੇ ਨੇ ਰੂਸ ਦੀ ਫੌਜ ‘ਚ ਭਾਰਤੀ ਹੋ ਕੇ ਲੜੋ… ਗ਼ਰੀਬੀ ਕੋਈ ਲਾਲ ਜਾਂ ਪੀਲ਼ੇ ਕਾਰਡ ਨਾਲ਼ ਨਹੀਂ ਖ਼ਤਮ ਹੋ ਸਕਦੀ, ਗ਼ਰੀਬੀ ਸਿਰਫ਼ ਚੰਗੀ ਸਿੱਖਿਆ ਨਾਲ਼ ਹੀ ਖ਼ਤਮ ਕੀਤੀ ਜਾ ਸਕਦੀ ਹੈ ਜਦੋਂ ਬੱਚੇ ਪੜ੍ਹ ਲਿੱਖ ਕੇ ਚੰਗੇ ਅਫ਼ਸਰ ਬਣ ਜਾਣਗੇ।”
ਭਗਵੰਤ ਮਾਨ ਨੇ ਕਿਹਾ ਕਿ ਇਹ ਕੋਈ ਆਮ ਗੱਲ ਨਹੀਂ, ਜੋ ਡੋਡਾ ਦੇ ਵਾਸੀਆਂ ਨੇ ਕਰਕੇ ਦਿਖਾਇਆ ਹੈ। ਡੋਡਾ ‘ਚ ਬਦਲਾਅ ਲਿਆਉਣ ਲਈ ਡੋਡਾ ਵਾਸੀਆਂ ਦਾ ਨਾਂਅ ਇਤਿਹਾਸ ਦੇ ਪੰਨਿਆਂ ‘ਤੇ ਲਿਖਿਆ ਜਾਵੇਗਾ।