ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਸੂਬੇ ਦੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਡਾਇਰੈਕਟਰਾਂ ਤੇ ਪੰਜਾਬ ਦੀਆਂ ਸੰਸਥਾਵਾਂ ਵੱਲੋਂ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਦੀ ਹਾਜ਼ਰੀ ਵਿੱਚ ਰੱਖੀ ਕਾਨਫਰੰਸ ‘ਚ ਸ਼ਿਰਕਤ ਕੀਤੀ।
ਕਾਨਫ਼ਰੰਸ ਵਿੱਚ ਸ਼ਾਮਿਲ ਅਕਾਦਮਿਕ ਆਗੂਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬੇ ਦੀਆਂ ਸੰਸਥਾਵਾਂ ਵੱਲੋਂ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਇਹ ਸੰਸਥਾਵਾਂ ਬੱਚਿਆਂ ਦੇ ਭਵਿੱਖ ਨੂੰ ਨਿਖਾਰਨ ‘ਚ ਅਹਿਮ ਰੋਲ ਅਦਾ ਕਰਨ ਦੇ ਨਾਲ-ਨਾਲ ਸਾਡੇ ਦੇਸ਼ ਲਈ ਹੀਰੇ ਤਰਾਸ਼ਣ ਦਾ ਕੰਮ ਕਰਦੀਆਂ ਹਨ। ਸਾਡੀ ਸਰਕਾਰ ਸੂਬੇ ਦੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ, ਰੁਜ਼ਗਾਰ ਅਤੇ ਸਵੈ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਹਨਾਂ ਦੇ ਚੰਗੇ ਭਵਿੱਖ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।ਪੰਜਾਬ ਦੇ ਸਿੱਖਿਆ ਕੇਂਦਰਾਂ ਨੂੰ ਵਿਸ਼ਵ-ਪੱਧਰੀ ਬਣਾਉਣ ਲਈ ਅਸੀਂ ਵਚਨਬੱਧ ਹਾਂ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 2022 ਤੋਂ ਬਾਅਦ ਪਹਿਲੀ ਵਾਰ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਮਾਪੇ-ਅਧਿਆਪਕ ਮਿਲਣੀਆਂ ਸ਼ੁਰੂ ਹੋਈਆਂ ਹਨ। ਉਨ੍ਹਾ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਮਾਪਿਆਂ ਨੂੰ ਪਤਾ ਹੋਵੇ ਕਿ ਉਨ੍ਹਾਂ ਦੇ ਬੱਚੇ ਨੂੰ ਕਿਹੜੇ ਅਧਿਆਪਕ ਕੀ ਪੜ੍ਹਾ ਰਹੇ ਨੇ ਤੇ ਅਧਿਆਪਕ ਨੂੰ ਵੀ ਪਤਾ ਹੋਵੇ ਕਿ ਬੱਚੇ ਸਕੂਲ ਤੋਂ ਬਾਅਦ ਕੀ ਕਰਦੇ ਨੇ।”
ਮਾਨ ਨੇ ਕਿਹਾ ਕਿ ਜਿਸ ਦਿਨ ਰਾਜਪਾਲ ਸਾਬ੍ਹ ਨੇ ਆਹੁਦਾ ਸਾਂਭਿਆ ਸੀ ਤਾਂ ਅਸੀਂ ਇਹੀ ਕਿਹਾ ਸੀ ਕਿ ਪੰਜਾਬ ਸਰਕਾਰ ਅਤੇ ਰਾਜਪਾਲ ਮਿਲ਼ ਕੇ ਪੰਜਾਬ ਦੀ ਬੇਹਤਰੀ ਲਈ ਕੰਮ ਕਰਾਂਗੇ। “ਰਾਜਪਾਲ ਸੂਬੇ ਅਤੇ ਕੇਂਦਰ ਵਿਚਾਲ਼ੇ ਇੱਕ ਪੁਲ਼ ਦਾ ਕੰਮ ਕਰਦੇ ਹਨ। ਸਾਡਾ ਮੁਲਕ ਇੱਕ ਫੁੱਲਵਾੜੀ ਹੈ ਜਿਸ ਵਿੱਚ ਵੱਖ-ਵੱਖ ਰੰਗਾਂ ਦੇ ਖਿੜੇ ਹੋਏ ਫੁੱਲ ਹੀ ਚੰਗੇ ਲੱਗਦੇ ਹਨ।”